ਰਾਤ ਸਮੇਂ ਚੋਰੀ ਕਣਕ ਸੁਟਵਾਉਣ ਵਾਲੇ 8 ਆੜ੍ਹਤੀਆਂ ਨੂੰ ਨੋਟਿਸ ਜਾਰੀ

ਭੁਲੱਥ (ਰਜਿੰਦਰ)— ਕਣਕ ਦੀ ਖਰੀਦ ਦੇ ਦੂਜੇ ਦਿਨ ਕਿਸਾਨਾਂ ਵੱਲੋਂ ਲਿਆਂਦੀ ਜ਼ਿਆਦਾ ਨਮੀ ਵਾਲੀ ਕਣਕ ਦੀਆਂ ਟਰਾਲੀਆਂ ਮਾਰਕੀਟ ਕਮੇਟੀ ਭੁਲੱਥ ਦੇ ਕਰਮਚਾਰੀਆਂ ਵੱਲੋਂ ਵਾਪਸ ਮੋੜੀਆਂ ਗਈਆਂ। ਦਸ ਦੇਈਏ ਕਿ ਮੰਡੀਆਂ ‘ਚ ਕਣਕ ਦੀ ਫਸਲ ਲਿਆਉਣ ਲਈ ਆੜ੍ਹਤੀਆਂ ਰਾਹੀਂ ਕਿਸਾਨਾਂ ਨੂੰ ਪਾਸ ਜਾਰੀ ਕੀਤੇ ਗਏ ਹਨ। ਪਾਸ ਮੁਤਾਬਕ ਹੀ ਕਣਕ ਦੀ ਟਰਾਲੀ ਮੰਡੀ ‘ਚ ਦਾਖਲ ਹੋਣ ਦਿੱਤੀ ਜਾ ਰਹੀ ਹੈ ਅਤੇ ਅੱਜ ਕਣਕ ਦੀ ਖਰੀਦ ਦੇ ਦੂਜੇ ਦਿਨ ਭੁਲੱਥ ਮੰਡੀ ਦੇ ਮੁੱਖ ਗੇਟਾਂ ਅਤੇ ਮਾਰਕੀਟ ਕਮੇਟੀ ਭੁਲੱਥ ਦੇ ਸਕੱਤਰ ਜਥੇਦਾਰ ਜੁਗਰਾਜ ਪਾਲ ਸਿੰਘ ਸਾਹੀ ਦੀ ਅਗਵਾਈ ਹੇਠ ਮਾਰਕੀਟ ਕਮੇਟੀ ਦਾ ਸਰਕਾਰੀ ਅਮਲਾ ਮੌਜੂਦ ਸੀ। ਜਿਨ੍ਹਾਂ ਵੱਲੋਂ ਮੰਡੀ ਦੇ ਗੇਟਾਂ ‘ਤੇ ਪਾਸ ਤੋਂ ਇਲਾਵਾ ਕਣਕ ਦੀ ਨਮੀ ਵੀ ਚੈੱਕ ਕੀਤੀ ਜਾ ਰਹੀ ਹੈ।

ਪਹਿਲੇ ਦਿਨ ਐੱਸ. ਡੀ. ਐੱਮ. ਭੁਲੱਥ ਰਣਦੀਪ ਸਿੰਘ ਹੀਰ ਨੇ ਮੰਡੀ ਦੇ ਮੁੱਖ ਗੇਟ ਤੋਂ ਖੁਦ ਜ਼ਿਆਦਾ ਨਮੀ ਵਾਲੀ ਕਣਕ ਦੀ ਟਰਾਲੀ ਮੋੜੀ ਸੀ ਅਤੇ ਅੱਜ ਦੂਜੇ ਦਿਨ ਮਾਰਕੀਟ ਕਮੇਟੀ ਦੇ ਕਰਮਚਾਰੀਆਂ ਵੱਲੋਂ ਮੰਡੀ ਦੇ ਮੁੱਖ ਗੇਟ ਤੋਂ ਜ਼ਿਆਦਾ ਨਮੀ ਵਾਲੀਆਂ ਅਤੇ ਬਿਨਾਂ ਪਾਸ ਵਾਲੀਆਂ ਕਣਕ ਦੀਆਂ ਟਰਾਲੀਆਂ ਭੁਲੱਥ ਮੰਡੀ ਦੇ ਮੁੱਖ ਗੇਟ ਤੋਂ ਵਾਪਸ ਮੋੜੀਆਂ ਗਈਆਂ।
ਇਸ ਸੰਬੰਧੀ ਮਾਰਕੀਟ ਕਮੇਟੀ ਭੁਲੱਥ ਦੇ ਸਕੱਤਰ ਜਥੇਦਾਰ ਜੁਗਰਾਜ ਪਾਲ ਸਿੰਘ ਸਾਹੀ ਨੇ ਦਸਿਆ ਕਿ ਮੰਡੀਆਂ ‘ਚ ਰਾਤ ਸਮੇਂ ਚੋਰੀ ਕਣਕ ਸੁਟਵਾਉਣ ਵਾਲੇ 8 ਆੜ੍ਹਤੀਆਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਜਿਨ੍ਹਾਂ ਨੂੰ ਕਿਹਾ ਗਿਆ ਕਿ ਉਹ ਮੰਡੀ ‘ਚੋਂ ਜ਼ਿਆਦਾ ਨਮੀ ਵਾਲੀ ਕਣਕ ਵਾਪਸ ਭਿਜਵਾ ਦੇਣ। ਉਨ੍ਹਾਂ ਕਿਹਾ ਕਿ ਅੱਜ 12 ਨਮੀ ਵਾਲੀ ਕਣਕ ਦੀਆਂ ਟਰਾਲੀਆਂ ਹੀ ਮੰਡੀ ‘ਚ ਦਾਖਲ ਹੋਣ ਦਿੱਤੀਆਂ ਗਈਆਂ ਹਨ ਅਤੇ ਜਿਹੜੀਆਂ ਟਰਾਲੀਆਂ ਵਾਪਸ ਮੋੜੀਆਂ ਗਈਆਂ ਹਨ, ਉਨ੍ਹਾਂ ਦੀ ਵਿਚਲੀ ਕਣਕ ਦੀ ਨਮੀ 17 ਤਕ ਵੀ ਸੀ।

ਭੁਲੱਥ ਮੰਡੀ ਚ ਕਣਕ ਦੀ ਖਰੀਦ ਸ਼ੁਰੂ
ਇਸੇ ਦੌਰਾਨ ਅਜ ਭੁਲੱਥ ਦੀ ਪੱਕੀ ਮੰਡੀ ਵਿਖੇ ਐੱਸ. ਡੀ. ਐੱਮ. ਭੁਲੱਥ ਰਣਦੀਪ ਸਿੰਘ ਹੀਰ ਨੇ ਕਣਕ ਦੀ ਖਰੀਦ ਸ਼ੁਰੂ ਕਰਵਾਈ। ਇਸ ਮੌਕੇ ਮਾਰਕੀਟ ਕਮੇਟੀ ਭੁਲੱਥ ਦੇ ਸਕੱਤਰ ਜਥੇਦਾਰ ਜੁਗਰਾਜ ਪਾਲ ਸਿੰਘ ਸਾਹੀ, ਮੰਡੀ ਸੁਪਰਵਾਈਜ਼ਰ ਹਰਪ੍ਰੀਤ ਸਿੰਘ ਜੌਹਲ, ਮਾਰਕਫੈਡ ਦੇ ਮੈਨੇਜਰ ਸੰਦੀਪ ਸਿੰਘ ਅਤੇ ਹੋਰ ਸਰਕਾਰੀ ਅਮਲਾ ਮੌਜੂਦ ਸੀ।