ਟਰੱਕ ਚਾਲਕ ਕੋਲੋਂ 17 ਕੁਇੰਟਲ ਭੁੱਕੀ ਬਰਾਮਦ

ਨੰਗਲ , (ਪੰਜਾਬੀ ਸਪੈਕਟ੍ਰਮ ਸਰਵਿਸ): ਨੰਗਲ ਦੇ ਨਾਲ ਲਗਦੇ ਜ਼ਿਲ੍ਹਾ ਊਨਾ (ਹਿਮਾਚਲ ਪ੍ਰਦੇਸ਼) ਦੇ ਖੇਤਰ ਹਰੋਲੀ ਵਿਖੇ ਪੁਲਿਸ ਨੇ ਪਿੰਡ ਅਮਰਾਲੀ ‘ਚ ਨਸ਼ੇ ਦੀ ਵੱਡੀ ਖੇਪ ਜ਼ਬਤ ਕੀਤੀ ਹੈ। ਪੁਲਿਸ ਜਾਣਕਾਰੀ ਅਨੁਸਾਰ ਐਤਵਾਰ ਤੜਕੇ ਤਿੰਨ ਵਜੇ ਇਹ ਖੇਪ ਬਰਾਮਦ ਕੀਤੀ ਗਈ। ਪੁਲਿਸ ਰਾਤ ਵੇਲੇ ਗਸ਼ਤ ਕਰ ਰਹੀ ਸੀ ਕਿ ਅਚਾਨਕ ਟਰੱਕ ਨੰਬਰ ਐੱਚਪੀ78-6029 ਦਾ ਚਾਲਕ ਪੁਲਿਸ ਨੂੰ ਵੇਖ ਕੇ ਭੱਜਣ ਲਗਾ, ਜਿਸ ‘ਤੇ ਹਰੋਲੀ ਪੁਲਿਸ ਨੂੰ ਟਰੱਕ ਚਾਲਕ ‘ਤੇ ਸ਼ੱਕ ਹੋ ਗਿਆ। ਜਦੋਂ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਕਰੀਬ 17 ਕੁਇੰਟਲ 3 ਕਿੱਲੋ 500 ਗ੍ਰਾਮ ਚੂਰਾ ਪੋਸਤ ਭੁੱਕੀ ਬਰਾਮਦ ਕੀਤੀ ਗਈ, ਜੋ ਜ਼ਿਲ੍ਹੇ ‘ਚ ਹੁਣ ਤਕ ਦੀ ਸਭ ਤੋਂ ਵੱਡੀ ਮਾਤਰਾ ‘ਚ ਫੜੀ ਜਾਣ ਵਾਲੀ ਖੇਪ ਹੈ। ਜਿਸ ਦੀ ਕੀਮਤ ਕਰੀਬ 80 ਲੱਖ ਰੁਪਏ ਦੱਸੀ ਜਾ ਰਹੀ ਹੈ। ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਲਾਏ ਕਰਫਿਊ ਤੋਂ ਬਾਅਦ ਵੀ ਨਸ਼ਾ ਮਾਫੀਆ ਦੇ ਹੌਸਲੇ ਬੁਲੰਦ ਹਨ। ਪੁਲਿਸ ਨੇ ਦੋਸ਼ੀ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਪਤਾ ਲਗਾ ਰਹੀ ਹੈ ਕਿ ਉਕਤ ਚਾਲਕ ਭੁੱਕੀ ਦੀ ਇੰਨੀ ਵੱਡੀ ਖੇਪ ਕਿੱਥੋਂ ਅਤੇ ਕਿਵੇਂ ਲੈ ਕੇ ਆਇਆ। ਪੁਲਿਸ ਨੇ ਜਸਵਿੰਦਰ ਸਿੰਘ ਵਾਸੀ ਪਿੰਡ ਪੋਲੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।