ਕੈਨੇਡਾ: ਟਰੱਕ ਯਾਰਡ ‘ਚ ਅੱਗ ਲੱਗੀ – ਟਰੱਕਾਂ, ਟ੍ਰੇਲਰਾਂ ਦਾ ਭਾਰੀ ਨੁਕਸਾਨ

ਸਰੀ, (ਪੰਜਾਬੀ ਸਪੈਕਟ੍ਰਮ ਸਰਵਿਸ) ਸਵੇਰੇ ਸਰੀ ਵਿਚ ਪਟੂਲੋ ਪੁਲ ਦੇ ਨੇੜੇ ਇਕ ਟਰੱਕ ਯਾਰਡ ਵਿਚ ਲੱਗੀ ਅੱਗ ਕਾਰਨ ਕੁਝ ਟਰੱਕਾਂ, ਟ੍ਰੇਲਰਾਂ ਦਾ ਭਾਰੀ ਨੁਕਸਾਨ ਹੋ ਗਿਆ। ਅੱਗ ਲੱਗਣ ਦੀ ਘਟਨਾ ਸਵੇਰੇ ਕਰੀਬ 5.15 ਵਜੇ ਵਾਪਰੀ। ਫਾਇਰ ਅਧਿਕਾਰੀ ਸੂਚਨਾ ਮਿਲਣ ‘ਤੇ ਤੁਰੰਤ ਘਟਨਾ ਸਥਾਨ ਤੇ ਪਹੁੰਚੇ ਅਤੇ ਉਥੇ ਇਕ ਧੂੰਏ ਤੋਂ ਪ੍ਰਭਾਵਿਤ ਆਦਮੀ ਨੂੰ ਹਸਪਤਾਲ ਪੁਚਾਇਆ।
ਫਾਇਰ ਅਧਿਕਾਰੀਆਂ ਅਨੁਸਾਰ ਓਲਸਨ ਅਤੇ ਓਲਡ ਯੇਲ ਸੜਕਾਂ ਦੇ ਨੇੜਲੇ ਟਰੱਕ ਯਾਰਡ ਵਿਚ ਲੱਗੀ ਇਸ ਅੱਗ ਨੇ ਦੋ ਡੰਪ ਟਰੱਕ, ਇਕ ਛੋਟਾ ਡੈੱਕ ਟ੍ਰੇਲਰ ਅਤੇ ਇਕ ਟਰੈਵਲ ਟ੍ਰੇਲਰ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਉਨ੍ਹਾਂ ਦਾ ਭਾਰੀ ਨੁਕਸਾਨ ਹੋਇਆ ਹੈ। ਅੱਗ ‘ਤੇ ਕਾਬੂ ਪਾਉਣ ਲਈ 20 ਫਾਇਰ ਫਾਈਟਰਜ਼ ਨੇ ਕਾਫੀ ਮੁਸ਼ੱਕਤ ਕੀਤੀ ਜਿਸ ਸਦਕਾ ਲਾਗਲੇ ਘਰ ਨੂੰ ਅੱਗ ਦੀ ਲਪੇਟ ਤੋਂ ਬਚਾ ਲਿਆ।