ਕੈਨੇਡਾ: ਪਿ੍ਰੰਸਟਨ ਦੇ ਉੱਤਰ ਪੱਛਮ ਇਲਾਕੇ ‘ਚ 22 ਹੈਕਟੇਅਰ ਵਿਚ ਫੈਲੀ ਜੰਗਲੀ ਅੱਗ

ਸਰੀ, (ਪੰਜਾਬੀ ਸਪੈਕਟ੍ਰਮ ਸਰਵਿਸ) – ਬੀਸੀ ਦੇ ਸ਼ਹਿਰ ਪਿ੍ਰੰਸਟਨ ਦੇ ਉੱਤਰ ਪੱਛਮ ਇਲਾਕੇ ‘ਚ ਲੱਗੀ ਜੰਗਲੀ ਅੱਗ ਕਾਰਨ 43 ਘਰਾਂ ਨੂੰ ਖਾਲੀ ਕਰਨ ਲਈ ਸੁਚੇਤ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਇਹ ਅੱਗ ਐਤਵਾਰ ਨੂੰ ਅਸਮਾਨੀ ਬਿਜਲੀ ਡਿੱਗਣ ਕਾਰਨ ਲੱਗੀ ਹੈ। ਅੱਗ ਤੇ ਕਾਬੂ ਪਾਉਣ ਲਈ ਕਰੀਬ 50 ਫਾਇਰ ਫਾਈਟਰਜ਼ ਸਖਤ ਮਿਹਨਤ ਕਰ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਸ਼ਾਮ ਤੱਕ ਇਹ ਅੱਗ 22 ਹੈਕਟੇਅਰ ਖੇਤਰ ਵਿਚ ਫੈਲ ਚੁੱਕੀ ਸੀ।ਵਰਨਣਯੋਗ ਹੈ ਕਿ ਇਸ ਵੀਕਐਂਡ ਦੌਰਾਨ ਕਰੀਬ 20 ਜੰਗਲੀ ਅੱਗਾਂ ਲੱਗਣ ਦੀਆਂ ਰਿਪੋਰਟ ਮਿਲੀਆਂ ਸਨ ਅਤੇ ਪਿ੍ਰੰਸਟਨ ਦੀ ਇਹ ਜੰਗਲੀ ਅੱਗ ਸਭ ਤੋਂ ਵੱਡੀ ਦੱਸੀ ਜਾਂਦੀ ਹੈ। ਬੇਸ਼ੱਕ ਬੀ.ਸੀ. ਵਾਈਲਡ ਫਾਇਰ ਸਰਵਿਸ ਵੱਲੋਂ ਦੱਖਣੀ ਖੇਤਰ ਵਿਚ ਜੰਗਲਾਂ ਦੀ ਅੱਗ ਦਾ ਖਤਰਾ ਵਧੇਰੇ ਦੱਸਿਆ ਜਾ ਰਿਹਾ ਹੈ, ਪਰ ਐਨਵਾਇਰਨਮੈਂਟ ਕੈਨੇਡਾ ਅਨੁਸਾਰ ਵੀਰਵਾਰ ਤੱਕ ਕੁਝ ਮੀਂਹ ਪੈਣ ਅਤੇ ਵਾਤਾਵਰਣ ਠੰਡਾ ਹੋਣ ਦੇ ਆਸਾਰ ਨਜ਼ਰ ਆ ਰਹੇ ਹਨ ਅਤੇ ਅਜਿਹਾ ਮੌਸਮ ਇਨ੍ਹਾਂ ਅੱਗਾਂ ‘ਤੇ ਕਾਬੂ ਪਾਉਣ ਵਿਚ ਮਦਦਗਾਰ ਹੋ ਸਕਦਾ ਹੈ।