ਬੇਰੂਤ ‘ਚ ਭਿਆਨਕ ਧਮਾਕਾ, ਕਰੀਬ 100 ਮੌਤਾਂ, 4000 ਤੋਂ ਵੱਧ ਜ਼ਖ਼ਮੀ

ਬੇਰੂਤ, (ਪੰਜਾਬੀ ਸਪੈਕਟ੍ਰਮ ਸਰਵਿਸ) : ਲਿਬਨਾਨ ਦੀ ਰਾਜਧਾਨੀ ਬੇਰੂਤ ‘ਚ ਹਾਲ ਹੀ ਦੇ ਸਾਲਾਂ ‘ਚ ਸਭ ਤੋਂ ਭਿਆਨਕ ਬੰਬ ਧਮਾਕੇ ‘ਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ, ਜਦੋਂਕਿ ਚਾਰ ਹਜ਼ਾਰ ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਹਨ। ਇਹ ਜਾਣਕਾਰੀ ਉਥੋਂ ਦੇ ਸਿਹਤ ਮੰਤਰੀ ਨੇ ਦਿੱਤੀ। ਅੰਦਾਜ਼ਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਸੈਂਕੜਿਆਂ ‘ਚ ਹੋ ਸਕਦੀ ਹੈ। ਅਜੇ ਵੀ ਵੱਡੀ ਗਿਣਤੀ ‘ਚ ਲੋਕ ਮਲਬੇ ਹੇਠਾਂ ਦੱਬੇ ਹੋਏ ਹਨ। ਸਥਾਨਕ ਰੈੱਡ ਕਰਾਸ ਅਧਿਕਾਰੀ ਨੇ ਸੈਂਕੜੇ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਇਜ਼ਰਾਈਲ ਨੇ ਧਮਾਕੇ ‘ਚ ਆਪਣਾ ਹੱਥ ਹੋਣ ਤੋਂ ਇਨਕਾਰ ਕਰ ਦਿੱਤਾ ਹੈ।
ਧਮਾਕਾ ਇੰਨਾ ਤੇਜ਼ ਸੀ ਕਿ ਦੂਰ-ਦੂਰ ਤਕ ਇਮਾਰਤਾਂ ਦੇ ਸ਼ੀਸ਼ੇ ਟੁੱਟ ਗਏ। ਧਮਾਕੇ ਦੀ ਆਵਾਜ਼ ਕਈ ਮੀਲ ਦੂਰ ਤਕ ਸੁਣਾਈ ਦਿੱਤੀ। ਲੋਕਾਂ ਨੇ ਸਮਝਿਆ ਕਿ ਭੂਚਾਲ ਆ ਗਿਆ ਤੇ ਉਹ ਇਧਰ-ਉਧਰ ਦੌੜਨ ਲੱਗੇ ਪਰ ਜਦੋਂ ਹਾਲਾਤ ਦੀ ਜਾਣਕਾਰੀ ਮਿਲੀ ਤਾਂ ਲੋਕ ਆਪਣਿਆਂ ਦੀ ਭਾਲ ‘ਚ ਘਟਨਾ ਵਾਲੀ ਜਗ੍ਹਾ ਵੱਲ ਦੌੜੇ। ਕੁਝ ਹੀ ਦੇਰ ‘ਚ ਘਟਨਾ ਵਾਲੀ ਥਾਂ ਦੇ ਆਸ-ਪਾਸ ਹਜ਼ਾਰਾਂ ਲੋਕਾਂ ਦੀ ਭੀੜ ਲੱਗ ਗਈ। ਅਜਿਹੇ ‘ਚ ਜ਼ਖ਼ਮੀਆਂ ਤਕ ਪਹੁੰਚਣ ਤੇ ਉਥੋਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਦੇ ਕੰਮਾਂ ‘ਚ ਲੱਗੀਆਂ ਐਂਬੂਲੈਸਾਂ ਨੂੰ ਲੰਘਣ ਲਈ ਔਖ ਦਾ ਸਾਹਮਣਾ ਕਰਨਾ ਪਿਆ।
ਜਿੱਥੇ ਧਮਾਕਾ ਹੋਇਆ ਹੈ, ਊਹ ਬੰਦਰਗਾਹ ਦਾ ਨਜ਼ਦੀਕੀ ਇਲਾਕਾ ਹੈ ਤੇ ਉਥੇ ਕੰਪਨੀਆਂ ਦੇ ਗੋਦਾਮ ਹਨ। ਸੂਤਰਾਂ ਨੇ ਕਿਸੇ ਕੈਮੀਕਲ ਗੋਦਾਮ ‘ਚ ਧਮਾਕਾ ਹੋਣ ਦਾ ਸ਼ੱਕ ਪ੍ਰਗਟਾਇਆ ਹੈ। ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਧਮਾਕੇ ਤੋਂ ਬਾਅਦ ਹਾਲਾਤਾਂ ਦੀ ਫੁਟੇਜ਼ ਸਥਾਨਕ ਲੋਕ ਸੋਸ਼ਲ ਮੀਡੀਆ ‘ਤੇ ਪਾ ਰਹੇ ਹਨ। ਬਹੁਤ ਸਾਰੇ ਜ਼ਖ਼ਮੀਆਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਧਮਾਕੇ ਤੋਂ ਬਾਅਦ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ। ਉਥੇ ਹੀ ਭਾਰਤੀ ਅੰਬੈਸੀ ਨੇ ਬੇਰੂਤ ‘ਚ ਫਸੇ ਲੋਕਾਂ ਲਈ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਬੇਰੂਤ ‘ਚ ਹੋਏ ਧਮਾਕਿਆਂ ਨੂੰ ਲੈ ਕੇ ਭਾਰਤੀ ਦੂਤਾਵਾਸ ਵੱਲੋਂ ਕਿਹਾ ਗਿਆ ਹੈ ਕਿ ਸਾਰੇ ਸ਼ਾਂਤੀ ਬਣਾ ਕੇ ਰੱਖੋ। ਨਾਲ ਹੀ ਜੇ ਕਿਸੇ ਵੀ ਭਾਰਤੀ ਨੂੰ ਮਦਦ ਦੀ ਜ਼ਰੂਰਤ ਹੋਵੇ ਤਾਂ ਉਹ 01741270, 01735922, 01738478 ਨੰਬਰ ‘ਤੇ ਸੰਪਰਕ ਕਰ ਸਕਦਾ ਹੈ।