ਮੁੰਬਈ ਹਮਲੇ ਦੇ ਸਾਜ਼ਿਸ਼ਕਰਤਾ ਤਹੱਵੁਰ ਹੁਸੈਨ ਰਾਣਾ ਮੁੜ ਗਿ੍ਰਫਤਾਰ

ਤਹੱਵੁਰ ਹੁਸੈਨ ਰਾਣਾ ਦੀ ਫੋਟੋ ਅਤੇ ਸਾਲ 2009ਵਿਚ ਹੋਏ ਹਮਲੇ ਦੇ ਨੁਕਸਾਨ ਦੀ ਇਕ ਫੋਟੋ।
ਲਾਸ ਏਂਜਲਸ, (ਪੰਜਾਬੀ ਸਪੈਕਟ੍ਰਮ ਸਰਵਿਸ): ਸਾਲ 2008 ਦੇ ਮੁੰਬਈ ਅੱਤਵਾਦੀ ਹਮਲੇ ਦੀ ਸਾਜਿਸ ਲਈ ਅਮਰੀਕਾ ‘ਚ ਸਜ਼ਾ ਕੱਟ ਚੁੱਕੇ ਅੱਤਵਾਦੀ ਰਾਣਾ ਨੂੰ ਅਮਰੀਕਾ ਦੇ ਲਾਸ ਏਂਜਲਸ ਵਿਚ ਫਿਰ ਗਿ੍ਰਫਤਾਰ ਕੀਤਾ ਗਿਆ ਹੈ। ਤਹੱਵੁਰ ਰਾਣਾ ਦੇ ਭਾਰਤ ਭੇਜੇ ਜਾਣ ਦੀ ਪੂਰੀ ਉਮੀਦ ਹੈ। ਮੁੰਬਈ ਅੱਤਵਾਦੀ ਹਮਲੇ ਵਿਚ ਲੋੜੀਂਦੇ ਪਾਕਿਸਤਾਨੀ ਕੈਨੇਡੀਅਨ ਮੂਲ ਦੇ ਰਾਣਾ ਖਿਲਾਫ ਭਾਰਤ ਹਵਾਲਗੀ ਦਾ ਕੇਸ ਵਿਚਾਰ ਅਧੀਨ ਹੈ। ਦੱਸਿਆ ਜਾ ਰਿਹਾ ਹੈ ਕਿ ਉਸਨੂੰ ਦੋ ਦਿਨ ਪਹਿਲਾਂ ਜੇਲ੍ਹ ਤੋਂ ਰਿਹਾ ਕੀਤਾ ਗਿਆ ਸੀ ਪਰ ਅਮਰੀਕੀ ਪ੍ਰਸਾਸਨ ਨੇ ਉਸਨੂੰ ਫਿਰ ਗਿ੍ਰਫਤਾਰ ਕਰ ਲਿਆ ਹੈ। ਦੱਸ ਦਈਏ ਕਿ ਭਾਰਤ ਸਰਕਾਰ ਟਰੰਪ ਪ੍ਰਸਾਸਨ ਦੇ ‘ਪੂਰਨ ਸਹਿਯੋਗ’ ਨਾਲ ਇੱਕ ਪਾਕਿਸਤਾਨੀ ਕੈਨੇਡੀਅਨ ਨਾਗਰਿਕ ਦੀ ਹਵਾਲਗੀ ਲਈ ਲੋੜੀਂਦੇ ਕਾਗਜਾਤ ਨੂੰ ਪੂਰਾ ਕਰ ਰਹੀ ਹੈ। ਰਾਣਾ ਦਸੰਬਰ 2021 ਵਿਚ ਆਪਣੀ 14 ਸਾਲ ਦੀ ਕੈਦ ਦੀ ਸਜਾ ਪੂਰੀ ਕਰਨ ਵਾਲਾ ਸੀ, ਪਰ ਉਸ ਨੂੰ ਛੇਤੀ ਰਿਹਾ ਕਰ ਦਿੱਤਾ ਗਿਆ।
ਤਹੱਵੁਰ ਰਾਣਾ ਨੂੰ ਸਾਲ 2009 ਵਿੱਚ ਮੁੰਬਈ 26/11 ਦੇ ਹਮਲੇ ਦੀ ਸਾਜਿਸ ਰਚਣ ਦੇ ਦੋਸ ਵਿੱਚ ਗਿ੍ਰਫਤਾਰ ਕੀਤਾ ਗਿਆ ਸੀ। ਲਸਕਰ-ਏ-ਤੋਇਬਾ ਦੇ 10 ਅੱਤਵਾਦੀਆਂ ਵਲੋਂ ਕੀਤੇ ਗਏ ਹਮਲੇ ਵਿੱਚ ਅਮਰੀਕੀ ਨਾਗਰਿਕਾਂ ਸਣੇ ਲਗਪਗ 166 ਲੋਕ ਮਾਰੇ ਗਏ ਸੀ। ਪੁਲਿਸ ਨੇ 9 ਅੱਤਵਾਦੀਆਂ ਨੂੰ ਮੌਕੇ ‘ਤੇ ਮਾਰ ਦਿੱਤਾ ਅਤੇ ਜਿੰਦਾ ਗਿ੍ਰਫਤਾਰ ਕੀਤੇ ਗਏ ਅੱਤਵਾਦੀ ਅਜਮਲ ਕਸਾਬ ਨੂੰ ਬਾਅਦ ਵਿੱਚ ਫਾਂਸੀ ਦਿੱਤੀ ਗਈ। ਰਾਣਾ ਨੂੰ 2013 ਵਿੱਚ 14 ਸਾਲ ਦੀ ਸਜਾ ਸੁਣਾਈ ਗਈ ਸੀ। ਹਾਲਾਂਕਿ, ਰਾਣਾ ਦੀ ਹਵਾਲਗੀ ਲਈ ਲੋੜੀਂਦੀਆਂ ਕਾਗਜਾਤ ਅਤੇ ਗੁੰਝਲਦਾਰ ਪ੍ਰਕਿਰਿਆਵਾਂ ਨੂੰ ਪੂਰਾ ਕਰਨਾ ਇੱਕ ਚੁਣੌਤੀ ਹੋਵੇਗੀ।