ਕੋਰੋਨਾ ਕਾਰਣ ਵਧਦੇ ਮੌਤਾਂ ਦੇ ਅੰਕੜੇ ਦੇ ਮੱਦੇਨਜ਼ਰ ਲਾਕਡਾਊਨ ਵਧਾਉਣ ਦੀ ਤਿਆਰੀ ‘ਚ ਬ੍ਰਿ੍ਟੇਨ

ਲੰਡਨ- ਬ੍ਰਿਟਿਸ਼ ਸਰਕਾਰ ਕੋਰੋਨਾਵਾਇਰਸ ਦੇ ਇਨਫੈਕਸ਼ਨ ਤੇ ਮੌਤਾਂ ਨੂੰ ਰੋਕਣ ਦੇ ਲਈ ਪਿਛਲੇ ਮਹੀਨੇ ਲਾਗੂ ਤਿੰਨ ਹਫਤਿਆਂ ਦੇ ਸਮਾਜਿਕ ਦੂਰੀ ਦੇ ਨਿਯਮ ਨੂੰ ਅੱਗੇ ਵਧਾਉਣ ਦੀ ਤਿਆਰੀ ਕਰ ਰਹੀ ਹੈ। ਬ੍ਰਿਟੇਨ ਵਿਚ ਹੁਣ ਤੱਕ ਕੋਰੋਨਾਵਾਇਰਸ ਕਾਰਣ 12,868 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਕੋਰੋਨਾਵਾਇਰਸ ਨਾਲ ਇਨਫੈਕਟਡ ਹੋਣ ਤੋਂ ਬਾਅਦ ਉਹਨਾਂ ਦਾ ਕੰਮ ਦੇਖ ਰਹੇ ਵਿਦੇਸ਼ ਮੰਤਰੀ ਡੋਮੀਨਿਕ ਰਾਬ ਵੀਰਵਾਰ ਨੂੰ ਕੈਬਨਿਟ ਦਫਤਰ ਦੀ ਬ੍ਰੀਫਿੰਗ ਰੂਮ ਦੀ ਬੈਠਕ ਦੀ ਪ੍ਰਧਾਨਗੀ ਕਰਨਗੇ, ਜਿਸ ਵਿਚ ਮੰਤਰੀਮੰਡਲ ਲਾਕਡਾਊਨ ਵਧਾਉਣ ‘ਤੇ ਆਖਰੀ ਫੈਸਲਾ ਲਵੇਗਾ। ਮੰਤਰੀਆਂ ਨੇ ਇਸ ਹਫਤੇ ਡਾਊਨਿੰਗ ਸਟ੍ਰੀਟ ‘ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੰਕੇਤ ਦਿੱਤਾ ਕਿ ਹੋਰ ਤਿੰਨ ਹਫਤਿਆਂ ਦੇ ਲਈ ਲਾਕਡਾਊਨ ਵਧਾਉਣਾ ਜ਼ਰੂਰੀ ਹੈ।

ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕਾਕ ਨੇ ਕਿਹਾ ਕਿ ਅਸੀਂ ਦੇਖ ਰਹੇ ਹਾਂ ਕਿ ਮਹਾਮਾਰੀ ਚੋਟੀ ‘ਤੇ ਪਹੁੰਚ ਗਈ ਹੈ। ਇਹ ਚੰਗੀ ਖਬਰ ਹੈ। ਪਰ ਇਨਫੈਕਸ਼ਨ ਦੇ ਮਾਮਲਿਆਂ ਦੀ ਗਿਣਤੀ ਘੱਟ ਨਹੀਂ ਰਹੀ ਹੈ। ਇਸ ਲਈ ਅਸੀਂ ਬਦਲਾਅ ਨਹੀਂ ਕਰ ਸਕਦੇ। ਉਹਨਾਂ ਕਿਹਾ ਕਿ ਜੇਕਰ ਅਸੀਂ ਸਾਰੀਆਂ ਪਾਬੰਦੀਆਂ ਨੂੰ ਹਟਾ ਦਿੰਦੇ ਹਾਂ ਤਾਂ ਇਹ ਵਾਇਰਸ ਹੋਰ ਤੇਜ਼ੀ ਨਾਲ ਫੈਲੇਗਾ। ਲਾਕਡਾਊਨ ਨੂੰ ਅੱਗੇ ਵਧਾਉਣ ‘ਤੇ ਚਰਚਾ ਕਰਨ ਦੇ ਲਈ ਹੈਨਕਾਕ ਮੰਤਰੀਮੰਡਲ ਦੇ ਹੋਰਾਂ ਮੈਂਬਰਾਂ, ਸਕਾਟਲੈਂਡ, ਉੱਤਰੀ ਆਇਰਲੈਂਡ ਤੇ ਵੇਲਸ ਦੇ ਪਹਿਲੇ ਮੰਤਰੀਆਂ ਦੇ ਨਾਲ ਵੀਰਵਾਰ ਨੂੰ ਬੈਠਕ ਕਰਨਗੇ।