ਆਖਰ ਚੀਨ ਕਿਉਂ ਲੈ ਰਿਹਾ ਭਾਰਤ ਨਾਲ ਪੰਗੇ? ਵੱਡਾ ਰਾਜ਼ ਆਇਆ ਸਾਹਮਣੇ

ਗਲੋਬਲ ਤਾਈਵਾਨ ਇੰਸਟੀਚਿਊਟ ਦੇ ਸੀਨੀਅਰ ਸਾਥੀ ਜੇ ਮਾਈਕਲ ਕੋਲ ਦਾ ਕਹਿਣਾ ਹੈ ਕਿ ਜ਼ਿਆਦਾਤਰ ਕਮਿਊਨਿਸਟ ਪਾਰਟੀ ਦੇ ਅਧਿਕਾਰੀ ਕੌੜੇ ਸੱਚ ਵੱਲ ਮੁੜੇ ਹਨ।

ਨਵੀਂ ਦਿੱਲੀ: ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਚੀਨੀ ਕਮਿਊਨਿਸਟ ਪਾਰਟੀ ‘ਤੇ ਪਕੜ ਹੁਣ ਢਿੱਲੀ ਹੁੰਦੀ ਜਾ ਰਹੀ ਹੈ। ਅਸਲ ਕੰਟਰੋਲ ਰੇਖਾ ‘ਤੇ ਭਾਰਤ ਨਾਲ ਹਿੰਸਕ ਝੜਪਾਂ ਜਿਨਪਿੰਗ ਨੂੰ ਮਜ਼ਬੂਤ ਨੇਤਾ ਵਜੋਂ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹਨ। ਸਰਕਾਰੀ ਮੀਡੀਆ ਤੇ ਪ੍ਰਚਾਰ ਤਹਿਤ ਚੀਨ ਨੂੰ ਨਿਰਣਾਇਕ ਨੇਤਾ ਦੀ ਅਗਵਾਈ ਵਿੱਚ ਮਜ਼ਬੂਤ ਅਕਸ ਵਾਲੇ ਦੇਸ਼ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਹਾਲਾਂਕਿ, ਕੋਰੋਨਾ ਮਹਾਮਾਰੀ ਨੇ ਚੀਨੀ ਕਮਿਊਨਿਸਟ ਪਾਰਟੀ ਅੰਦਰ ਗੰਭੀਰ ਮਤਭੇਦ ਉਜਾਗਰ ਕੀਤੇ ਹਨ। ਹੁਣ ਪਾਰਟੀ ਵਿੱਚ ਜਿਨਪਿੰਗ ਦੀ ਅਹਿਮੀਅਤ ਘਟਦੀ ਜਾ ਰਹੀ ਹੈ।

ਹਾਲ ਹੀ ਵਿੱਚ ਚੀਨ ਦੇ ਹਮਲਾਵਰ ਰਵੱਈਏ ਦਾ ਮੁਲਾਂਕਣ ਕਰਨ ਵਾਲੇ ਵਿਸ਼ਲੇਸ਼ਕ ਤੇ ਚੀਨ ਨਿਕਾਨ ਦੇ ਸਹਿ-ਸੰਸਥਾਪਕ ਐਡਮ ਨੀ ਨੇ ਕਿਹਾ ਕਿ ਕੁਝ ਲੋਕ ਅੱਜ ਚੀਨ ਨੂੰ ਏਕਾਧਿਕਾਰੀ ਦੇਸ਼ ਵਜੋਂ ਦਰਸਾਉਂਦੇ ਹਨ। ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਬੁਰਾਈਆਂ ਨਾਲ ਭਰੀ ਹੋਈ ਹੈ ਤੇ ਇਸ ਦੇ ਨੇਤਾ ਵਿਸ਼ਵ ‘ਤੇ ਹਾਵੀ ਹੋਣਾ ਚਾਹੁੰਦੇ ਹਨ। ਜਦਕਿ ਹਕੀਕਤ ਇਹ ਹੈ ਕਿ ਚੀਨ ਖੰਡਤ ਹੋ ਚੁੱਕਿਆ ਹੈ। ਪਾਰਟੀ ਦੇ ਨੇਤਾ ਆਪਸ ਵਿੱਚ ਇੱਕ-ਦੂਜੇ ਦੇ ਵਿਰੋਧੀ ਹਨ। ਇਸ ਸੰਕਟ ਦੇ ਸਮੇਂ ‘ਚ ਉਹ ਜ਼ਬਰਦਸਤੀ ਇੱਕ-ਦੂਜੇ ਦੇ ਨਾਲ ਹੋਣ ਦਾ ਢੌਂਗ ਕਰ ਰਹੇ ਹਨ।

ਉਧਰ, ਯੂਐਸ ਸੈਂਟਰ ਫਾਰ ਸਟ੍ਰੈਟਿਕ ਤੇ ਐਂਡ ਇੰਟਰਨੈਸ਼ਨਲ ਸਟੱਡੀਜ਼ ਦੇ ਸੀਨੀਅਰ ਸਲਾਹਕਾਰ ਸਕਾਟ ਕੈਨੇਡੀ ਅਨੁਸਾਰ, ਕਮਿਊਨਿਸਟ ਪਾਰਟੀ ਨੇ ਕੋਰੋਨਾ ਮਹਾਮਾਰੀ ਕਰਕੇ ਸਾਰੇ ਨੇਤਾਵਾਂ ਨੂੰ ਚੀਨ ਦੇ ਅਕਸ ਨੂੰ ਹੋਣ ਵਾਲੇ ਨੁਕਸਾਨ ਵਿੱਚ ਸਰਗਰਮ ਰਹਿਣ ਦਾ ਆਦੇਸ਼ ਦਿੱਤਾ ਹੈ। ਕੈਨੇਡੀ ਨੇ ਕਿਹਾ, “ਚੀਨ ਦੁਆਰਾ ਦਾਅਵਾ ਕੀਤੀ ਗਈ ਵਿਕਾਸ ਦਰ ‘ਤੇ ਵਿਸ਼ਵਾਸ ਕਰਨਾ ਮੁਸ਼ਕਲ ਹੈ।“

ਕੈਨੇਡੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਚੀਨ ਨੂੰ 60 ਮਿਲੀਅਨ ਤੇ 100 ਮਿਲੀਅਨ ਡਾਲਰ ਦੇ ਵਿਚਕਾਰ ਨੁਕਸਾਨ ਹੋਇਆ ਹੈ। ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਮੁਤਾਬਕ, 2020 ਤੱਕ ਚੀਨ ਦੀ ਵਿਕਾਸ ਦਰ ਮਹਿਜ਼ 1.2 ਪ੍ਰਤੀਸ਼ਤ ਰਹੇਗੀ, ਪਰ ਕਮਿਊਨਿਸਟ ਪਾਰਟੀ ਵੱਲੋਂ ਤੈਅ ਟੀਚਾ ਤਾਂ ਬਹੁਤ ਦੂਰ ਹੈ। ਬੇਰੁਜ਼ਗਾਰੀ ਚੀਨ ਦੇ ਸਾਰੇ ਕਾਰੋਬਾਰੀ ਸੈਕਟਰਾਂ ਨੂੰ ਪ੍ਰਭਾਵਤ ਕਰੇਗੀ ਤੇ 2020 ਵਿੱਚ ਇਹ 15 ਪ੍ਰਤੀਸ਼ਤ ਰਹਿਣ ਦਾ ਅਨੁਮਾਨ ਹੈ, ਜੋ ਚੀਨ ਦੇ 5.5 ਪ੍ਰਤੀਸ਼ਤ ਦੇ ਅਨੁਮਾਨ ਨਾਲੋਂ ਕਿਤੇ ਵੱਧ ਹੈ।