ਕਾਬੁਲ(ਅਫਗਾਨਿਸਤਾਨ) ਦੀ ਮਸਜਿਦ ਦੇ ਇਮਾਮ ਸਮੇਤ 4 ਲੋਕਾਂ ਦੀ ਆਈ.ਈ.ਡੀ ਬੰਬ ਧਮਾਕੇ ‘ਚ ਮੌਤ

ਕਾਬੁਲ, (ਪੰਜਾਬੀ ਸਪੈਕਟ੍ਰਮ ਸਰਵਿਸ): ਅਫ਼ਗਾਨ ਸਰਕਾਰ ਦੇ ਇਕ ਅਧਿਕਾਰੀ ਨੇ ਕਿਹਾ ਕਿ ਕਾਬੁਲ ‘ਚ ਇਕ ਮਸਜਿਦ ਅੰਦਰ ਸ਼ੁੱਕਰਵਾਰ ਨੂੰ ਬੰਬ ਧਮਾਕਾ ਹੋਇਆ, ਜਿਸ ‘ਚ ਘੱਟ ਤੋਂ ਘੱਟ ਚਾਰ ਲੋਕ ਮਾਰੇ ਗਏ ਤੇ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਗ੍ਰਹਿ ਮੰਤਰਾਲੇ ਦੇ ਬੁਲਾਰੇ ਤਾਰਿਕ ਅਰੀਅਨ ਨੇ ਅਫਗਾਨਿਸਤਾਨ ਦੀ ਰਾਜਧਾਨੀ ‘ਚ ਹੋਏ ਧਮਾਕੇ ਦੇ ਬਾਰੇ ‘ਚ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ। ਇਕ ਨਿਊਜ਼ ਅਨੁਸਾਰ ਆਈਈਡੀ ਧਮਾਕੇ ‘ਚ ਸ਼ੋਰ ਸ਼ਾਹ ਸੂਰੀ ਮਸਜਿਦ ਦੇ ਇਮਾਮ ਦੀ ਵੀ ਮੌਤ ਹੋ ਗਈ। ਦੱਸ ਦਈਏ ਕਿ ਅਫਗਾਨਿਸਤਾਨ ‘ਚ ਹਾਲ ਦੇ ਹਫ਼ਤਿਆਂ ‘ਚ ਹਿੰਸਾ ਜ਼ਿਆਦਾ ਵਧ ਗਈ ਹੈ। ਕਈ ਹਮਲਿਆਂ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਸਮੂਹ ਦੁਆਰਾ ਲਈ ਗਈ ਹੈ।
ਇਸ ਮਹੀਨੇ ਦੀ ਸ਼ੁਰੂਆਤ ‘ਚ ਆਈਐੱਸ ਦੇ ਇਕ ਆਤਮਘਾਤੀ ਹਮਲਾਵਾਰ ਨੇ ਕਾਬੁਲ ‘ਚ ਇਕ ਮਸਜਿਦ ‘ਤੇ ਹਮਲਾ ਕੀਤਾ ਜਿਸ ‘ਚ ਪ੍ਰਾਰਥਨਾ ਕਰਵਾਉਣ ਵਾਲੇ ਦੀ ਮੌਤ ਹੋ ਗਈ ਤੇ ਅੱਠ ਜ਼ਖ਼ਮੀ। ਅਮਰੀਕਾ ਨੇ ਪਿਛਲੇ ਮਹੀਨੇ ਰਾਜਧਾਨੀ ਦੇ ਪ੍ਰਸੂਤੀ ਹਸਪਤਾਲ ‘ਤੇ ਹੋਏ ਭਿਆਨਕ ਹਮਲੇ ਲਈ ਆਈਐੱਸ ਨਾਲ ਜੁੜੇ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਿਸ ‘ਚ ਦੋ ਬੱਚਿਆਂ ਤੇ ਮਾਵਾਂ ਸਣੇ 24 ਲੋਕਾਂ ਦੀ ਮੌਤ ਹੋ ਗਈ। ਵਾਸ਼ਿੰਗਟਨ ਦੇ ਸ਼ਾਂਤੀ ਦੂਤ ਜ਼ਾਲਮੇ ਖਲੀਲਜਾਦ ਇਸ ਹਫ਼ਤੇ ਦੇ ਸ਼ੁਰੂ ‘ਚ ਤਾਲਿਬਾਨ ਨਾਲ ਇਕ ਅਮਰੀਕੀ ਸ਼ਾਂਤੀ ਸਮਝੋਤਾ ਦੁਬਾਰਾ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਜਿਸ ਦੇ ਅਖੀਰ ‘ਚ ਆਈਐੱਸ ਨਾਲ ਜੁੜੀ ਲੜਾਈ ‘ਚ ਬਾਗੀ ਧੜੇ ਨੂੰ ਬਾਹਰ ਕੱਢਣ ਦੀ ਉਮੀਦ ਕੀਤੀ ਜਾਂਦੀ ਹੈ।