ਮਾਸਕੋ ਦੇ ਨਰਸਿੰਗ ਹੋਮ ‘ਚ ਅੱਗ ਲੱਗਣ ਨਾਲ 9 ਦੀ ਮੌਤ

ਮਾਸਕੋ (ਪੰਜਾਬੀ ਸਪੈਕਟ੍ਰਮ ਸਰਵਿਸ) : ਮਾਸਕੋ ਦੇ ਬਾਹਰਵਾਰ ਇਕ ਨਰਸਿੰਗ ਹੋਮ ਵਿਚ ਸੋਮਵਾਰ ਨੂੰ ਅੱਗ ਲੱਗਣ ਨਾਲ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਜਦਕਿ 9 ਹੋਰ ਜ਼ਖਮੀ ਹੋ ਗਏ। ਮਾਸਕੋ ਦੇ ਉੱਤਰੀ-ਪੱਛਮੀ ਇਲਾਕੇ ਕ੍ਰਾਸਨੋਗੋਰਸਕ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਜ਼ੁਰਗਾਂ ਲਈ ਬਣਾਏ ਗਏ ਇਸ ਪ੍ਰਰਾਈਵੇਟ ਨਰਸਿੰਗ ਹੋਮ ਵਿਚ ਅੱਗ ਐਤਵਾਰ ਦੇਰ ਰਾਤ ਲੱਗੀ। ਪ੍ਰਸ਼ਾਸਨ ਦੇ ਤਰਜਮਾਨ ਨੇ ਦੱਸਿਆ ਕਿ 9 ਲੋਕਾਂ ਦੀ ਮੌਤ ਹੋ ਗਈ ਜਦਕਿ 9 ਹੋਰ ਜ਼ਖ਼ਮੀ ਹੋ ਗਏ ਜੋਕਿ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਾ ਪ੍ਰੰਤੂ ਪ੍ਰਸ਼ਾਸਨ ਨੇ ਅੱਗ ਤੋਂ ਬਚਾਅ ਲਈ ਬਣਾਏ ਸੁਰੱਖਿਆ ਨਿਯਮਾਂ ਦੀ ਅਣਗਹਿਲੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।