ਕੋਰੋਨਾ ਆਫਤ ਦਰਮਿਆਨ ਅੰਮ੍ਰਿਤਸਰ ਵਾਸੀਆਂ ਲਈ ਰਾਹਤ ਭਰੀ ਖਬਰ

ਅੰਮ੍ਰਿਤਸਰ (ਦਲਜੀਤ ਸ਼ਰਮਾ) : ਸਿਹਤ ਵਿਭਾਗ ਨੇ ਪਿਛਲੇ 10 ਦਿਨਾਂ ਤੋਂ ਇਥੇ ਕੋਰੋਨਾ ਪਾਜ਼ੇਟਿਵ ਦਾ ਕੋਈ ਵੀ ਮਾਮਲਾ ਸਾਹਮਣੇ ਨਾ ਆਉਣ ਤੋਂ ਬਾਅਦ ਹੁਣ ਸੁੱਖ ਦਾ ਸਾਹ ਲਿਆ ਹੈ। ਵਿਭਾਗ ਅਨੁਸਾਰ ਜੇਕਰ 18 ਦਿਨ ਹੋਰ ਕੋਈ ਪਾਜ਼ੇਟਿਵ ਕੇਸ ਸਾਹਮਣੇ ਨਹੀਂ ਆਉਂਦਾ ਤਾਂ ਅੰਮ੍ਰਿਤਸਰ ਓਰੇਂਜ ਜ਼ੋਨ ਵਿਚੋਂ ਨਿਕਲ ਕੇ ਗਰੀਨ ਜ਼ੋਨ ਵਿਚ ਆ ਜਾਵੇਗਾ। ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਘਰਾਂ ਤੋਂ ਬਾਹਰ ਨਾ ਆਓ ਅਤੇ ਸੋਸ਼ਲ ਡਿਸਟੈਂਸ ਦਾ ਪਾਲਣ ਕਰੋ। ਇਸ ਤੋਂ ਪਹਿਲਾਂ ਜ਼ਿਲੇ ਵਿਚ ਕੁੱਲ 11 ਕੋਰੋਨਾ ਪਾਜ਼ੇਟਿਵ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿਚੋਂ 2 ਦੀ ਮੌਤ ਹੋ ਚੁੱਕੀ ਹੈ।

ਜਾਣਕਾਰੀ ਅਨੁਸਾਰ ਕੋਰੋਨਾ ਵਾਇਰਸ ਪਿਛਲੇ 2 ਹਫ਼ਤੇ ਪਹਿਲਾਂ ਅੰਮ੍ਰਿਤਸਰ ਵਿਚ ਆਪਣਾ ਪੂਰਾ ਆਤੰਕ ਫੈਲਾ ਚੁੱਕਾ ਹੈ। ਭਾਰਤ ਸਰਕਾਰ ਵੱਲੋਂ ਬਣਾਏ ਗਏ ਮਾਪੰਦਡਾਂ ਅਨੁਸਾਰ ਰੋਜ਼ਾਨਾ ਨਵੇਂ ਕੇਸ ਸਾਹਮਣੇ ਆਉਣ ‘ਤੇ ਜ਼ਿਲਾ ਅੰਮ੍ਰਿਤਸਰ ਰੈਡ ਜ਼ੋਨ ਵਿਚ ਚਲਾ ਗਿਆ ਸੀ ਪਰ ਬਾਅਦ ਵਿਚ ਸਿਹਤ ਵਿਭਾਗ ਦੇ ਸੁਚੱਜੇ ਪ੍ਰਬੰਧਾਂ ਅਤੇ ਮੌਸਮ ਵਿਚ ਆਏ ਬਦਲਾਅ ਕਾਰਨ ਅਚਾਨਕ ਨਵੇਂ ਆਉਣ ਵਾਲੇ ਕੇਸਾਂ ‘ਤੇ ਰੋਕ ਲੱਗ ਗਈ। ਪਿਛਲੇ 10 ਦਿਨਾਂ ਤੋਂ ਜ਼ਿਲੇ ਵਿਚ ਕੋਈ ਵੀ ਕੋਰੋਨਾ ਦਾ ਕੇਸ ਸਾਹਮਣੇ ਨਹੀਂ ਆਇਆ ਹੈ ਜੋ ਕਿ ਸਿਹਤ ਵਿਭਾਗ ਅਤੇ ਜ਼ਿਲਾ ਵਾਸੀਆਂ ਲਈ ਰਾਹਤ ਭਰੀ ਖਬਰ ਹੈ। ਜ਼ਿਲੇ ਵਿਚ ਹੁਣ ਤੱਕ 174 ਲੋਕਾਂ ਦੇ ਕੋਰੋਨਾ ਸਬੰਧੀ ਟੈਸਟ ਕੀਤੇ ਗਏ ਹਨ ਜਿਨ੍ਹਾਂ ਵਿਚੋਂ 11 ਪਾਜ਼ੇਟਿਵ ਅਤੇ 163 ਨੈਗੇਟਿਵ ਆਏ ਹਨ। 8 ਪਾਜ਼ੇਟਿਵ ਮਰੀਜ਼ਾਂ ਦੀ ਹਾਲਤ ਵਿਚ ਕਾਫ਼ੀ ਸੁਧਾਰ ਹੋ ਰਿਹਾ ਹੈ। ਜਦਕਿ 28 ਸਾਲਾ ਜੰਡਿਆਲਾ ਗੁਰੂ ਨਿਵਾਸੀ ਨੌਜਵਾਨ ਨੂੰ ਸਾਹ ਦੀ ਦਿੱਕਤ ਦੇ ਚੱਲਦਿਆਂ ਆਕਸੀਜਨ ਲਗਾਈ ਗਈ ਹੈ। ਗੁਰੂ ਨਾਨਕ ਦੇਵ ਹਸਪਤਾਲ ਦੀ ਆਈਸੋਲੇਸ਼ਨ ਵਾਰਡ ਵਿੱਚ 10 ਸ਼ੱਕੀ ਮਰੀਜ਼ ਦਾਖਿਲ ਹਨ।

ਕੀ ਕਹਿਣਾ ਹੈ ਸਿਵਲ ਸਰਜਨ ਦਾ
ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਨੇ ਦੱਸਿਆ ਕਿ ਨਵਾਂ ਕੋਈ ਵੀ ਕੇਸ ਸਾਹਮਣੇ ਨਾ ਆਉਣ ‘ਤੇ ਰਾਹਤ ਭਰੀ ਖਬਰ ਹੈ। ਜੇਕਰ ਲੋਕ ਇੰਝ ਹੀ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦੇ ਰਹੇ ਤਾਂ ਅੰਮ੍ਰਿਤਸਰ ਜ਼ਿਲਾ ਕੋਰੋਨਾ ਨੂੰ ਮਾਤ ਦੇ ਦੇਵੇਗਾ ਅਤੇ ਗਰੀਨ ਜ਼ੋਨ ਵਿਚ ਸ਼ਾਮਿਲ ਹੋ ਜਾਵੇਗਾ।

ਭਾਰਤ ਸਰਕਾਰ ਨੇ ਬਣਾਏ ਹਨ ਤਿੰਨ ਜ਼ੋਨ
ਭਾਰਤ ਸਰਕਾਰ ਵੱਲੋਂ ਰੈੱਡ, ਆਰੇਂਜ ਅਤੇ ਗਰੀਨ ਤਿੰਨ ਜ਼ੋਨ ਕੋਰੋਨਾ ਵਾਇਰਸ ਨੂੰ ਲੈ ਕੇ ਬਣਾਏ ਹਨ। ਰੈਡ ਜ਼ੋਨ ਵਿਚ ਜੇਕਰ ਕਿਸੇ ਜ਼ਿਲੇ ਵਿਚ ਲਗਾਤਾਰ ਕੇਸ ਆਉਂਦੇ ਹਨ ਤਾਂ ਉਸਨੂੰ ਉਕਤ ਜ਼ੋਨ ਵਿਚ ਸ਼ਾਮਿਲ ਕਰ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ 10 ਦਿਨ ਤੋਂ ਬਾਅਦ 1-2 ਕੇਸ ਸਾਹਮਣੇ ਆਉਂਦੇ ਹਨ ਤਾਂ ਉਸ ਹਾਲਾਤ ਵਿਚ ਜ਼ਿਲੇ ਨੂੰ ਆਰੇਂਜ ਜ਼ੋਨ ਵਿਚ ਸ਼ਾਮਿਲ ਕੀਤਾ ਜਾਂਦਾ ਹੈ। ਸਰਕਾਰ ਅਨੁਸਾਰ 28 ਦਿਨ ਲਗਾਤਾਰ ਜ਼ਿਲੇ ਵਿਚ ਕੋਈ ਕੇਸ ਸਾਹਮਣੇ ਨਾ ਆਵੇ ਤਾਂ ਉਸ ਹਾਲਾਤ ਵਿਚ ਜ਼ਿਲੇ ਨੂੰ ਗਰੀਨ ਜ਼ੋਨ ਵਿਚ ਸ਼ਾਮਿਲ ਕਰ ਦਿੱਤਾ ਜਾਂਦਾ ਹੈ।