ਵਿਅਕਤੀਆਂ ਨੂੰ ਥਾਣੇ ਅੰਦਰ ਨੰਗਾ ਕਰਨ ਦੀ ਭਾਈ ਲੌਂਗਵਾਲ ਨੇ ਕੀਤੀ ਨਿਖੇਧੀ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਖੰਨਾ ਥਾਣੇ ਅੰਦਰ ਪੁਲਸ ਮੁਲਾਜ਼ਮਾਂ ਵੱਲੋਂ ਕੀਤੀ ਐਨਿਤਕ ਕਾਰਵਾਈ ਨੂੰ ਮੰਦਭਾਗਾ ਦੱਸਿਆ ਹੈ। ਜ਼ਿਕਰਯੋਗ ਹੈ ਕਿ ਇੱਥੇ ਪੁਲਸ ਮੁਲਾਜ਼ਮਾਂ ਵਲੋਂ 3 ਵਿਅਕਤੀਆਂ ਨੂੰ ਨੰਗਾ ਕਰਨ ਦੇ ਤਸ਼ੱਦਦ ਦਾ ਮਾਮਲਾ ਸਾਹਮਣੇ ਆਇਆ ਸੀ। ਉਨ੍ਹਾਂ ਇਸ ਮਾਮਲੇ ਦੀ ਨਿਖੇਧੀ ਕਰਦਿਆਂ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਕਿਹਾ ਕਿ ਪੁਲਸ ਨੂੰ ਇਹ ਬਿਲਕੁਲ ਅਧਿਕਾਰ ਨਹੀਂ ਹੈ ਕਿ ਉਹ ਪੁਲਸ ਥਾਣਿਆਂ ਅੰਦਰ ਅਨੈਤਿਕ ਕਾਰਵਾਈਆਂ ਕਰੇ। ਕਿਸੇ ਵੀ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਲੋਕਾਂ ਨਾਲ ਅਣਮਨੁੱਖੀ ਵਿਵਹਾਰ ਕਰਨਾ ਗਲਤ ਹੈ, ਲਿਹਾਜ਼ਾ ਖੰਨਾ ਮਾਮਲੇ ਦੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮਾਨਯੋਗ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਜਾਂਚ ਹੋਵੇ ਤਾਂ ਜੋ ਕੋਈ ਵੀ ਦੋਸ਼ੀ ਬਚ ਨਾ ਸਕੇ ਅਤੇ ਅੱਗੇ ਤੋਂ ਅਜਿਹਾ ਅਮਾਨਵੀ ਵਰਤਾਰਾ ਕਰਨ ਦੀ ਕੋਈ ਹਿੰਮਤ ਨਾ ਕਰ ਸਕੇ।
ਇਸ ਦੇ ਨਾਲ ਹੀ ਭਾਈ ਲੌਂਗੋਵਾਲ ਨੇ ਪਟਿਆਲਾ ਵਿਖੇ ਪੁਲਸ ਤੇ ਨਿਹੰਗ ਸਿੰਘਾਂ ਦੀ ਝੜਪ ਦੌਰਾਨ ਗ੍ਰਿਫਤਾਰ ਕੀਤੇ ਗਏ ਲੋਕਾਂ ਨੂੰ ਨੰਗੇ ਸਿਰ ਅਦਾਲਤ ਵਿਚ ਪੇਸ਼ ਕਰਨ ਦੀ ਵੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇਹ ਸਿੱਖ ਰਵਾਇਤਾਂ ਤੇ ਧਾਰਮਿਕ ਚਿੰਨ੍ਹਾਂ ਦਾ ਨਿਰਾਦਰ ਹੈ। ਭਾਈ ਲੌਂਗੋਵਾਲ ਨੇ ਪੰਜਾਬ ਦੇ ਮੁੱਖ ਮਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਪੁਲਸ ਪ੍ਰਸ਼ਾਸਨ ਨੂੰ ਨੈਤਿਕ ਕਦਰਾਂ ਕੀਮਤਾਂ ਦੇ ਦਾਇਰੇ ਵਿਚ ਰਹਿਣ ਲਈ ਆਖਣ ਅਤੇ ਅਸੱਭਿਅਕ ਤੇ ਅਮਾਨਵੀ ਕਾਰਜ ਢੰਗ ਤੋਂ ਸਖਤੀ ਨਾਲ ਰੋਕਿਆ ਜਾਵੇ।

ਆਈਸਕਰੀਮ ਦੇ ਡੱਬੇ ‘ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਛਾਪਣ ਦਾ ਲਿਆ ਨੋਟਿਸ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਫਰਾਂਸ ਅੰਦਰ ਇਕ ਕੰਪਨੀ ਵੱਲੋਂ ਆਈਸਕਰੀਮ ਦੇ ਡੱਬੇ ਉਤੇ ਸਿੱਖ ਕੌਮ ਦੇ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਛਾਪਣ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਬੇਹੱਦ ਮੰਦਭਾਗੀ ਗੱਲ ਹੈ। ਦੱਸਣਯੋਗ ਹੈ ਕਿ ਸਾਹਮਣੇ ਆਈਆਂ ਖਬਰਾਂ ਅਨੁਸਾਰ ਯੂਰਪ ਦੀ ਨੂਈ ਨਾਂ ਦੀ ਇੱਕ ਕੰਪਨੀ ਵੱਲੋਂ ਬਣਾਈ ਗਈ ਆਈਸਕਰੀਮ ਦੇ ਡੱਬੇ ‘ਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਛਾਪੀ ਗਈ ਹੈ। ਇਸ ਨਾਲ ਯੂਰਪ ਦੀਆਂ ਸੰਗਤਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਇਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਆਖਿਆ ਕਿ ਕੰਪਨੀ ਨੂੰ ਤਸਵੀਰ ਹਟਾਉਣ ਲਈ ਲਿਖਿਆ ਜਾਵੇਗਾ ਅਤੇ ਜੇਕਰ ਉਸ ਨੇ ਤਸਵੀਰ ਨਾ ਹਟਾਈ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਯੂਰਪ ਅੰਦਰ ਵੱਸਦੇ ਸਿੱਖਾਂ ਨੂੰ ਸਥਾਨਕ ਪੱਧਰ ‘ਤੇ ਵੀ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ।