ਗੁਰਦਾਸਪੁਰ ‘ਚ ਦੋ ਸਕੇ ਭਰਾਵਾਂ ਦੀ ਹੱਤਿਆ, ਪਿੰਡ ਵਿਚ ਦਹਿਸ਼ਤ

ਗੁਰਦਾਸਪੁਰ , (ਪੰਜਾਬੀ ਸਪੈਕਟ੍ਰਮ ਸਰਵਿਸ): ਪੁਲਿਸ ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਪਿੰਡ ਸੰਤੋਖ ਰਾਏ ‘ਚ ਮੰਗਲਵਾਰ ਸਵੇਰੇ ਅਚਾਨਕ ਜ਼ਮੀਨੀ ਵਿਵਾਦ ਕਾਰਨ ਇਕ ਵਿਅਕਤੀ ਵਲੋਂ ਗੋਲੀਆਂ ਮਾਰ ਕੇ ਦੋ ਸਕੇ ਨੌਜਵਾਨ ਭਰਾਵਾਂ ਦੀ ਹੱਤਿਆ ਕਰ ਦਿੱਤੀ ਗਈ। ਮਿ੍ਰਤਕਾਂ ਦੀ ਪਛਾਣ ਦਿਲਪ੍ਰੀਤ ਸਿੰਘ (24) ਅਤੇ ਗਗਨਦੀਪ ਸਿੰਘ (25) ਦੋਵੇਂ ਪੁੱਤਰ ਅਜੀਤ ਸਿੰਘ ਵਾਸੀ ਕੋਟ ਸੰਤੋਖ ਰਾਏ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮੰਗਲਵਾਰ ਸਵੇਰੇ ਪੌਣੇ 9 ਵਜੇ ਦੇ ਕਰੀਬ ਸੁਖਵਿੰਦਰ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਪਿੰਡ ਬੌਲੀ ਨੇ ਪੁਲਿਸ ਥਾਣਾ ਧਾਰੀਵਾਲ ਅਧੀਨ ਆਉਂਦੇ ਪਿੰਡ ਕੋਟ ਸੰਤੋਖ ਰਾਏ ‘ਚ ਆ ਕੇ ਆਪਣੀ 12 ਦੀ ਰਾਈਫਲ ਨਾਲ ਉਕਤ ਸਕੇ ਭਰਾਵਾਂ ਤੇ ਚਾਰ ਗੋਲੀਆਂ ਚਲਾਈਆਂ। ਦੋਵਾਂ ਦੇ 2-2 ਗੋਲੀਆਂ ਲੱਗੀਆਂ ਤੇ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਧਿਰਾਂ ਵਿਚਾਲੇ ਜ਼ਮੀਨੀ ਵਿਵਾਦ ਨੂੰ ਲੈ ਕੇ ਰੰਜਿਸ਼ ਚੱਲਦੀ ਆ ਰਹੀ ਸੀ। ਘਟਨਾ ਪਿੱਛੋਂ ਥਾਣਾ ਧਾਰੀਵਾਲ ਦੀ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੀ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ‘ਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।