ਮੋਟਰਸਾਈਕਲ ਨੂੰ ਬਚਾਉਂਦਿਆਂ ਬੇਕਾਬੂ ਹੋ ਕੇ ਕੰਧ ਨਾਲ ਟਕਰਾਈ ਕਾਰ, ਚਾਰ ਨੌਜਵਾਨਾਂ ਦੀ ਮੌਤ

ਗੁਰਦਾਸਪੁਰ, (ਪੰਜਾਬੀ ਸਪੈਕਟ੍ਰਮ ਸਰਵਿਸ)- ਬੀਤੀ ਦੇਰ ਰਾਤ ਕਰੀਬ 10.30 ਵਜੇ ਕਸਬਾ ਕੋਟਲੀ ਸੂਰਤ ਮੱਲ੍ਹੀ ਦੇ ਪਿੰਡ ਢਿਲਵਾਂ ਵਿਖੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ 4 ਨੌਜਵਾਨਾਂ ਜਿਨ੍ਹਾਂ ਦੀ ਉਮਰ 18 ਤੋਂ 20 ਸਾਲ ਤੱਕ ਦੀ ਸੀ, ਦੀ ਮੌਤ ਹੋ ਗਈ। ਇਹ ਨੌਜਵਾਨ ਪਿੰਡ ਮਾਨ ਖਹਿਰਾ ਵਿਖੇ ਆਪਣੇ ਕਿਸੇ ਰਿਸਤੇਦਾਰ ਕੋਲ ਵਿਆਹ ਸਮਾਗਮ ਵਿੱਚ ਸਰੀਕ ਹੋਣ ਆਏ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਚਾਰੇ ਲੋਕ ਵਿਆਹ ਸਬੰਧੀ ਸਾਪਿੰਗ ਕਰ ਕੇ ਵਾਪਸ ਮਾਨ ਖਹਿਰਾ ਪਰਤ ਰਹੇ ਸਨ। ਮਰਨ ਵਾਲਿਆਂ ਵਿੱਚ ਦੋ ਸੈਨਾ ਦੇ ਜਵਾਨ ਵੀ ਸਾਮਿਲ ਹਨ, ਜੋ ਵਿਆਹ ਸਮਾਗਮ ਵਿੱਚ ਸਾਮਿਲ ਹੋਣ ਲਈ ਛੁੱਟੀ ਤੇ ਆਏ ਹੋਏ ਸਨ।
ਮਰਨ ਵਾਲਿਆਂ ਦੀ ਪਹਿਚਾਣ ਨਵਪ੍ਰੀਤ ਸਿੰਘ ਵਾਸੀ ਪਿੰਡ ਮਾਨ ਖਹਿਰਾ, ਜਸਨ ਵਾਸੀ ਪਿੰਡ ਗਾਜੀ ਨੰਗਲ, ਗੁਰਜੀਤ ਸਿੰਘ ਵਾਸੀ ਵੱਲਾ (ਜਲ੍ਹਿਾ ਅੰਮਿ੍ਰਤਸਰ) ਅਤੇ ਦਿਲਪ੍ਰੀਤ ਸਿੰਘ ਵਾਸੀ ਸਿਕਾਰ ਮਾਛੀਆਂ, ਡੇਰਾ ਬਾਬਾ ਨਾਨਕ ਦੇ ਰੂਪ ਵਿੱਚ ਹੋਈ ਹੈ। ਜਾਣਕਾਰੀ ਦਿੰਦਿਆਂ ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਏ.ਐੱਸ.ਆਈ ਅਮਰਜੀਤ ਮਸੀਹ ਨੇ ਦੱਸਿਆ ਕਿ ਇਹ ਹਾਦਸਾ ਮਿ੍ਰਤਕਾਂ ਵੱਲੋਂ ਇੱਕ ਮੋਟਰਸਾਈਕਲ ਨੂੰ ਬਚਾਉਣ ਦੇ ਚੱਕਰ ਵਿੱਚ ਵਾਪਰਿਆ ਹੈ। ਜਿਸ ਦੌਰਾਨ ਮਿ੍ਰਤਕਾਂ ਦੀ ਕਾਰ ਅਸੰਤੁਲਿਤ ਹੋ ਕੇ ਸੜਕ ਕਿਨਾਰੇ ਇੱਟਾਂ ਦੇ ਭੱਠੇ ਦੀ ਕੰਧ ਨਾਲ ਜਾ ਟਕਰਾਈ। ਉਨ੍ਹਾਂ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ਉਪਰੰਤ ਜਦੋਂ ਤੱਕ ਥਾਣਾ ਕੋਟਲੀ ਸੂਰਤ ਮੱਲ੍ਹੀ ਦੀ ਪੁਲਿਸ ਘਟਨਾ ਸਥਾਨ ਤੇ ਪਹੁੰਚੀ, ਓਦੋਂ ਤੱਕ 2 ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਸੀ ਅਤੇ ਬਾਕੀ ਦੇ ਦੋ ਨੌਜਵਾਨਾਂ ਨੇ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ  ਦਿੱਤਾ। ਉਨ੍ਹਾਂ ਦੱਸਿਆ ਕਿ ਹਾਦਸਾ ਐਨਾ ਜਬਰਦਸਤ ਸੀ ਕੀ ਮਿ੍ਰਤਕਾਂ ਦੀ ਕਾਰ ਦੇ ਪਰਖੱਚੇ ਉੱਡ ਗਏ।
ਉੱਥੇ ਦੂਜੇ ਪਾਸੇ ਸਿਵਲ ਹਸਪਤਾਲ ਸਿਵਲ ਹਸਪਤਾਲ, ਬਟਾਲਾ ਦੇ ਡਾਕਟਰਾਂ ਨਾਲ ਗੱਲ ਕਰਨ ਤੇ ਉਨ੍ਹਾਂ ਨੇ ਦੱਸਿਆ ਕਿ ਚਾਰਾਂ ਨੌਜਵਾਨਾਂ ਦੀ ਮੌਤ ਹਸਪਤਾਲ ਲਿਆਉਣ ਤੋਂ ਪਹਿਲਾਂ ਹੀ ਹੋ ਚੁੱਕੀ ਸੀ ਅਤੇ ਫਿਲਹਾਲ ਅਗਲੇਰੀ ਕਰਵਾਈ ਲਈ ਚਾਰਾਂ ਲਾਸਾਂ ਨੂੰ ਸਿਵਲ ਹਸਪਤਾਲ ਵਿਖੇ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਰੂਰੀ ਕਾਰਵਾਈ ਕਰਨ ਮਗਰੋਂ ਮਿ੍ਰਤਕ ਦੇਹਾਂ ਪਰਿਵਾਰਾਂ ਦੇ ਹਵਾਲੇ ਕਰ ਦਿੱਤੀਆਂ ਜਾਣਗੀਆਂ।