ਡੋਲੀ ਵਾਲੀ ਕਾਰ ਘੇਰ ਕੇ ਕੀਤਾ ਹਮਲਾ, ਨਵ ਵਿਆਹੀ ਜੋੜੀ ਹੋਈ ਜ਼ਖ਼ਮੀ, ਤਿੰਨ ਨਾਮਜ਼ਦ

ਪੱਟੀ, (ਪੰਜਾਬੀ ਸਪੈਕਟ੍ਰਮ ਸਰਵਿਸ): ਪੱਟੀ ਹਲਕੇ ਦੇ ਪਿੰਡ ਨੌਸ਼ਿਹਰਾ ਪਨੂੰਆਂ ਵਿਖੇ ਕੁਝ ਨੌਜਵਾਨਾਂ ਨੇ ਵਿਆਹ ਵਾਲੀ ਗੱਡੀ ਨੂੰ ਰੋਕ ਕੇ ਉਸ ‘ਤੇ ਬੇਸਬੈਟ ਨਾਲ ਹਮਲਾ ਕੀਤਾ ਜਿਸ ਦੇ ਸ਼ੀਸ਼ੇ ਟੁੱਟ ਕੇ ਨਵਵਿਆਹੀ ਜੋੜੀ ਦੇ ਲੱਗੇ। ਇਹ ਹਮਲਾ ਨਿੱਜੀ ਰੰਜਿਸ਼ ਤਹਿਤ ਕੀਤਾ ਦੱਸਿਆ ਜਾ ਰਿਹਾ ਹੈ। ਦੇਰ ਰਾਤ ਨੂੰ ਪਰਿਵਾਰ ਦੇ ਮੈਂਬਰਾਂ ਨੇ ਪੁਲਿਸ ਚੌਂਕੀ ਨੌਸ਼ਿਹਰਾ ਪਨੂੰਆਂ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ। ਜਿਸ ਤੋਂ ਬਾਅਦ ਜ਼ਿਲ੍ਹਾ ਪੁਲਿਸ ਮੁਖੀ ਦੇ ਕਹਿਣ ‘ਤੇ ਪੁਲਿਸ ਨੇ ਪਿੰਡ ਨੌਸ਼ਿਹਰਾ ਪਨੂੰਆਂ ਦੇ ਕਾਂਗਰਸੀ ਸਰਪੰਚ ਦੇ ਲੜਕੇ ਸਮੇਤ ਤਿੰਨ ਲੋਕਾਂ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਭੋਲੀ ਪਤਨੀ ਸੁਰਜੀਤ ਸਿੰਘ ਵਾਸੀ ਨੌਸ਼ਹਿਰਾ ਪਨੂੰਆਂ ਨੇ ਕਿਹਾ ਕਿ ਉਸਦੇ ਛੋਟੇ ਲੜਕੇ ਅਵਤਾਰ ਸਿੰਘ ਦਾ ਵਿਆਹ ਕਮਲਜੀਤ ਕੌਰ ਪੁੱਤਰੀ ਲਖਬੀਰ ਸਿੰਘ ਵਾਸੀ ਚੋਹਲਾ ਸਾਹਿਬ ਨਾਲ ਸੀ। ਵਿਆਹ ਵਾਲੇ ਦਿਨ ਉਹ ਡੋਲੀ ਵਾਲੀ ਕਾਰ ਲੈ ਕੇ ਘਰ ਆ ਰਹੇ ਸੀ। ਜਦੋਂ ਉਹ ਅੱਡਾ ਨੌਸ਼ਹਿਰਾ ਪਨੂੰਆਂ ਵਿਖੇ ਪੁੱਜੇ ਤਾਂ ਸਾਹਮਣੇ ਤੋਂ ਇਕ ਚਿੱਟੇ ਰੰਗ ਦੀ ਕਾਰ ਆਈ ਜਿਸ ਵਿਚੋਂ ਤਿੰਨ ਲੜਕੇ ਉੱਤਰੇ। ਜਿੰਨ੍ਹਾਂ ‘ਚੋਂ ਇਕ ਗੁਰਲਾਲ ਸਿੰਘ ਜਿਸ ਕੋਲ ਬੇਸਬੈਟ, ਦੂਸਰਾ ਦਮਨ ਪੁੱਤਰ ਚੰਨਾ ਦੇ ਕੋਲ ਪਿਸਤੌਲ ਅਤੇ ਇਕ ਅਣਪਛਾਤਾ ਨੌਜਵਾਨ ਸ਼ਾਮਲ ਸੀ। ਉਕਤ ਵਿਅਕਤੀਆਂ ਨੇ ਡੋਲੀ ਵਾਲੀ ਕਾਰ ਤੇ ਹਮਲਾ ਕਰ ਦਿੱਤਾ। ਇੰਨੇ ਨੂੰ ਉਸਦਾ ਪਤੀ ਅਤੇ ਰਿਸ਼ਤੇਦਾਰ ਮੌਕੇ ‘ਤੇ ਆ ਗਏ ਅਤੇ ਦੋਸ਼ੀ ਆਪਣੇ ਹਥਿਆਰਾਂ ਸਮੇਤ ਕਾਰ ਵਿਚ ਸਵਾਰ ਹੋ ਕੇ ਭੱਜ ਗਏ।
ਉਨ੍ਹਾਂ ਦੱਸਿਆ ਕਿ ਗੁਰਲਾਲ ਸਿੰਘ ਦਾ ਪਿਤਾ ਤਰਸੇਮ ਸਿੰਘ ਪਿੰਡ ਦਾ ਮੌਜੂਦਾ ਸਰਪੰਚ ਹੈ। ਇਸ ਮੌਕੇ ‘ਤੇ ਅਵਤਾਰ ਸਿੰਘ ਨੇ ਦੱਸਿਆ ਕਿ ਇਕ ਮਹੀਨਾ ਪਹਿਲਾਂ ਗੁਰਲਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਸਰਪੰਚ ਨਾਲ ਝਗੜਾ ਹੋਇਆ ਸੀ। ਇਸੇ ਰੰਜਿਸ਼ ਤਹਿਤ ਉਕਤ ਲੋਕਾਂ ਨੇ ਵਿਆਹ ਵਾਲੇ ਦਿਨ ਇਸ ਘਟਨਾ ਨੂੰ ਅੰਜਾਮ ਦਿੱਤਾ। ਉਸਨੇ ਦੱਸਿਆ ਕਿ ਪੁਲਿਸ ਸੱਤਾਧਾਰੀ ਪਾਰਟੀ ਦੇ ਆਗੂਆਂ ਦੇ ਕਹਿਣ ‘ਤੇ ਕਾਰਵਾਈ ਨਹੀਂ ਕਰ ਰਹੀ ਸੀ। ਜਿਸ ਤੋਂ ਬਾਅਦ ਪੁਲਿਸ ਚੌਂਕੀ ਦੇ ਬਾਹਰ ਧਰਨਾ ਲਾਇਆ ਗਿਆ ਅਤੇ ਮਾਮਲਾ ਜ਼ਿਲ੍ਹਾ ਪੁਲਿਸ ਮੁਖੀ ਧਰੁਵ ਦਹੀਆ ਦੇ ਧਿਆਨ ‘ਚ ਲਿਆਂਦਾ ਗਿਆ। ਘਟਨਾ ਦੀ ਜਾਂਚ ਕਰ ਰਹੇ ਏਐੱਸਆਈ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਹਮਲਾਵਰਾਂ ਦੇ ਖਿਲਾਫ ਕੇਸ ਦਰਜ਼ ਕਰ ਲਿਆ ਹੈ। ਜਿਨ੍ਹਾਂ ਦੀ ਗਿ੍ਰਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।