ਪੁਲਿਸ ਨੇ 9 ਕਿੱਲੋ ਹੈਰੋਇਨ ਜੀਰੋ ਲਾਈਨ ਤੋਂ ਕੀਤੀ ਬਰਾਮਦ

ਤਰਨਤਾਰਨ, (ਪੰਜਾਬੀ ਸਪੈਕਟ੍ਰਮ ਸਰਵਿਸ) :  ਤਰਨਤਾਰਨ ਜ਼ਿਲ੍ਹੇ ਦੇ ਨਾਰਕੋਟਿਕ ਸੈੱਲ ਦੀ ਪੁਲਿਸ ਨੇ ਪਾਕਿਸਤਾਨ ਤੋਂ ਮੰਗਵਾਈ 9 ਕਿੱਲੋ ਤੋਂ ਵੱਧ ਹੈਰੋਇਨ ਦੀ ਖੇਪ ਜੀਰੋ ਲਾਈਨ ਤੋਂ ਬਰਾਮਦ ਕੀਤੀ ਹੈ। ਇਹ ਹੈਰੋਇਨ ਕੰਡਿਆਲੀ ਤਾਰ ਦੇ ਪਾਰ ਪਲਾਸਟਿਕ ਦੀਆਂ ਬੋਤਲਾਂ ਵਿਚ ਪਾ ਕੇ ਖੇਤਾਂ ਵਿਚ ਦੱਬੀ ਹੋਈ ਸੀ। ਜਦੋਂਕਿ ਪਾਕਿਸਤਾਨ ਤੋਂ ਹੈਰੋਇਨ ਮੰਗਵਾਉਣ ਦੇ ਦੋਸ਼ ਹੇਠ ਦੋ ਸਮੱਗਲਰਾਂ ਨੂੰ ਗਿ੍ਰਫਤਾਰ ਕਰਨ ਦਾ ਦਾਅਵਾ ਵੀ ਪੁਲਿਸ ਨੇ ਕੀਤਾ ਹੈ। ਜਿਨ੍ਹਾਂ ਖਿਲਾਫ ਥਾਣਾ ਸਦਰ ਪੱਟੀ ‘ਚ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰੈੱਸ ਕਾਨਫਰੰਸ ਦੌਰਾਨ ਐੱਸਐੱਸਪੀ ਧਰੁਵ ਦਹੀਆ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸਰਹੱਦੀ ਪਿੰਡ ਡੱਲ ਦੇ ਰਹਿਣ ਵਾਲੇ ਜਗਜੀਤ ਸਿੰਘ ਜੱਗਾ ਪੁੱਤਰ ਮੁਖਤਿਆਰ ਸਿੰਘ ਅਤੇ ਗੁਰਸਾਹਿਬ ਸਿੰਘ ਭੁਕੀ ਪੁੱਤਰ ਘੁੱਕ ਸਿੰਘ ਪਾਕਿਸਤਾਨੀ ਸਮੱਗਲਰਾਂ ਨਾਲ ਰਾਬਤਾ ਕਰਕੇ ਹੈਰੋਇਨ ਦੀਆਂ ਖੇਪਾਂ ਮੰਗਵਾਉਂਦੇ ਹਨ। ਅਜਿਹੀ ਇਕ ਖੇਪ ਬੀਐੱਸਐੱਫ ਦੀ ਕੁਲਵੰਤ ਪੋਸਟ ਦੇ ਕੋਲ ਜੀਰੋ ਲਾਈਨ ਨਾਲ ਲੱਗਦੇ ਖੇਤਾਂ ਵਿਚ ਦੱਬੀ ਹੋਣ ਦੀ ਸੂਚਨਾ ਵੀ ਪੁਲਿਸ ਦੇ ਹੱਥ ਲੱਗ ਗਈ ਸੀ। ਜਿਸ ਨੂੰ ਪੁਖਤਾ ਕਰਦਿਆਂ ਡੀਐੱਸਪੀ ਕਮਲਜੀਤ ਸਿੰਘ ਔਲਖ ਦੀ ਦੇਖ ਰੇਖ ਹੇਠ ਥਾਣਾ ਸਿਟੀ ਤਰਨਤਾਰਨ ਦੇ ਮੁਖੀ ਇੰਸਪੈਕਟਰ ਪ੍ਰਭਜੀਤ ਸਿੰਘ, ਥਾਣਾ ਵਲਟੋਹਾ ਦੇ ਮੁਖੀ ਇੰਸਪੈਕਟਰ ਬਲਵਿੰਦਰ ਸਿੰਘ, ਥਾਣਾ ਸਦਰ ਪੱਟੀ ਦੇ ਮੁਖੀ ਸਬ ਇੰਸਪੈਕਟਰ ਹਰਪ੍ਰੀਤ ਸਿੰਘ ਅਤੇ ਨਾਰਕੋਟਿਕ ਸੈੱਲ ਤਰਨਤਾਰਨ ਦੇ ਇੰਚਾਰਜ ਏਐੱਸਆਈ ਲਖਵਿੰਦਰ ਸਿੰਘ ‘ਤੇ ਅਧਾਰਿਤ ਟੀਮ ਦਾ ਗਠਨ ਕੀਤਾ ਗਿਆ। ਜਦੋਂ ਸਰਹੱਦ ਦੇ ਕੋਲ ਤਲਾਸ਼ੀ ਅਭਿਆਨ ਚਲਾਇਆ ਗਿਆ ਤਾਂ ਪਿੱਲਰ ਨੰਬਰ 176/0 ਦੇ ਕੋਲ ਭਾਰਤੀ ਖੇਤਰ ‘ਚ ਪਲਾਸਟਿਕ ਦੀਆਂ 6 ਬੋਤਲਾਂ ਵਿਚ ਪਾ ਕੇ ਦੱਬੀ ਹੋਈ 9 ਕਿੱਲੋ 120 ਗ੍ਰਾਮ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਹੈਰੋਇਨ ਮੰਗਵਾਉਣ ਵਾਲੇ ਜਗਜੀਤ ਸਿੰਘ ਜੱਗਾ ਅਤੇ ਗੁਰਸਾਹਿਬ ਸਿੰਘ ਭੱਕੀ ਨੂੰ ਵੀ ਗਿ੍ਰਫਤਾਰ ਕਰ ਲਿਆ ਗਿਆ ਹੈ।
ਐੱਸਐੱਸਪੀ ਧਰੁਵ ਦਹੀਆ ਨੇ ਦੱਸਿਆ ਕਿ 1 ਜਨਵਰੀ ਤੋਂ ਹੁਣ ਤਕ 52 ਕਿੱਲੋ 199 ਗ੍ਰਾਮ ਹੈਰੋਇਨ ਤਰਨਤਾਰਨ ਪੁਲਿਸ ਵੱਲੋਂ ਬਰਾਮਦ ਕੀਤੀ ਜਾ ਚੁੱਕੀ ਹੈ। ਜਦੋਂਕਿ ਲਾਕਡਾਊਨ ਦੇ ਦੌਰਾਨ ਹੀ 37 ਕਿਲੋ 58 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਨਸ਼ੇ ਦੇ ਸੁਦਾਗਰਾਂ ਨੂੰ ਕਿਸੇ ਵੀ ਹਾਲਤ ਵਿਚ ਬਖਸ਼ਿਆ ਨਹੀਂ ਜਾਵੇਗਾ ਅਤੇ ਅਜਿਹੇ ਅਨਸਰਾਂ ਦੇ ਖਿਲਾਫ ਕਾਰਵਾਈ ਜਾਰੀ ਰਹੇਗੀ।