ਪੈਟਰੋਲ ਪੰਪ ਤੋਂ ਤੇਲ ਪਵਾ ਬਿਨਾ ਪੈਸੇ ਦਿੱਤੇ ਭਜਾਈ ਕਾਰ, ਪਿੱਛਾ ਕਰਨ ਤੇ ਚਲਾਈ ਗੋਲੀ

ਸਰਾਏ ਅਮਾਨਤ ਖਾਂ,  (ਪੰਜਾਬੀ ਸਪੈਕਟ੍ਰਮ ਸਰਵਿਸ) : ਪਿੰਡ ਗੱਗੋਬੂਹਾ ਦੇ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਬਿਨਾ ਪੈਸੇ ਦਿੱਤਿਆ ਹੀ ਦੋ ਨੌਜਵਾਨ ਕਾਰ ਸਣੇ ਫਰਾਰ ਹੋ ਗਏ। ਹਾਲਾਂਕਿ ਜਦੋਂ ਉਨ੍ਹਾਂ ਦਾ ਪਿੱਛਾ ਕਰਨਾ ਚਾਹਿਆ ਤਾਂ ਉਨ੍ਹਾਂ ਨੇ ਹਵਾ ‘ਚ ਗੋਲੀ ਚਲਾ ਦਿੱਤੀ। ਪੁਲਿਸ ਨੇ ਉਕਤ ਘਟਨਾ ਸਬੰਧੀ ਬਿਆਨ ਕਲਮਬੰਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਜੈ ਹਨੂੰਮਾਨ ਫਿਲਿੰਗ ਸਟੇਸ਼ਨ ਗੱਗੋਬੂਹਾ ਦੇ ਮਾਲਕ ਨੀਰਜ ਕੁਮਾਰ ਪੁੱਤਰ ਭੂਸ਼ਣ ਕੁਮਾਰ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਕਰੀਬ ਸਾਢੇ 10 ਵਜੇ ਇਕ ਸਫੈਦ ਰੰਗ ਦੀ ਵਰਨਾ ਕਾਰ ਪੈਟਰੋਲ ਪੰਪ ‘ਤੇ ਆ ਕੇ ਰੁਕੀ। ਜਿਸ ਵਿਚ ਸਵਾਰ ਦੋ ਨੌਜਵਾਨਾਂ ਨੇ ਕਾਰ ਵਿਚ 1500 ਰੁਪਏ ਦਾ ਡੀਜਲ ਪਵਾਇਆ ਤੇ ਬਿਨਾ ਪੈਸੇ ਦਿੱਤੇ ਹੀ ਕਾਰ ਨੂੰ ਭਜਾ ਲਿਆ। ਤੇਲ ਪਾਉਣ ਵਾਲੇ ਕਰਿੰਦੇ ਬਲਬੀਰ ਸਿੰਘ ਨੇ ਜਦੋਂ ਕਾਰ ਵੱਲ ਵਧਣ ਦਾ ਯਤਨ ਕੀਤਾ ਤਾਂ ਨੌਜਵਾਨਾਂ ਨੇ ਹਵਾ ਵਿਚ ਗੋਲੀ ਚਲਾ ਦਿੱਤੀ ਤੇ ਭਿੱਖੀਵਿੰਡ ਵੱਲ ਨੂੰ ਫਰਾਰ ਹੋ ਗਏ। ਘਟਨਾ ਦਾ ਪਤਾ ਚੱਲਦਿਆਂ ਹੀ ਮੌਕੇ ‘ਤੇ ਡੀਐੱਸਪੀ ਭਿੱਖੀਵਿੰਡ ਰਾਜਬੀਰ ਸਿੰਘ, ਥਾਣਾ ਭਿੱਖੀਵਿੰਡ ਦੇ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਅਤੇ ਥਾਣਾ ਝਬਾਲ ਦੇ ਮੁਖੀ ਇੰਸਪੈਕਟਰ ਹਰਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚ ਗਏ ਅਤੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋਈ ਕਾਰ ਦੀਆਂ ਤਸਵੀਰਾਂ ਹਾਸਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਡੀਐੱਸਪੀ ਰਾਜਬੀਰ ਸਿੰਘ ਨੇ ਦੱਸਿਆ ਕਿ ਪੰਪ ਦੇ ਮਾਲਕ ਨੀਰਜ ਕੁਮਾਰ ਦੇ ਬਿਆਨ ਕਲਮਬੰਦ ਕਰਕੇ ਕਾਰ ਸਵਾਰ ਅਣਪਛਾਤਿਆਂ ਦੇ ਵਿਰੁੱਧ ਮੁਕੱਦਮਾਂ ਦਰਜ ਕੀਤਾ ਜਾ ਰਿਹਾ ਹੈ।