ਸਿਵਲ ਹਸਪਤਾਲ ’ਚ ਪੁੱਜਾ ਕੋਰੋਨਾ ਦਾ 5ਵਾਂ ਸ਼ੱਕੀ ਮਰੀਜ਼, ਅੱਜ ਆਵੇਗੀ ਜਾਂਚ ਰਿਪੋਰਟ

ਤਰਨਤਾਰਨ (ਰਮਨ) – ਜ਼ਿਲਾ ਪੱਧਰੀ ਸਿਵਲ ਹਸਪਤਾਲ ’ਚ ਖਾਂਸੀ, ਬੁਖਾਰ ਤੇ ਜ਼ੁਕਾਮ ਦੇ ਇਲਾਜ ਲਈ ਪੁੱਜੇ ਇਕ ਨੌਜਵਾਨ ਨੂੰ ਡਾਕਟਰਾਂ ਦੀ ਟੀਮ ਨੇ ਆਈਸੋਲੇਸ਼ਨ ਵਾਰਡ ’ਚ ਦਾਖਲ ਕਰਦਿਆਂ ਉਸ ਦਾ ਸਵੈਬ ਸੈਂਪਲ ਲੈਬਾਰਟਰੀ ਜਾਂਚ ਲਈ ਭੇਜ ਦਿੱਤਾ। ਜ਼ਿਕਰਯੋਗ ਹੈ ਕਿ ਆਈਸੋਲੇਸ਼ਨ ਵਾਰਡ ’ਚ ਹੁਣ ਤੱਕ ਪੁੱਜਣ ਵਾਲਾ ਇਹ 5ਵਾਂ ਸ਼ੱਕੀ ਮਰੀਜ਼ ਹੈ, ਜੋ ਸਥਾਨਕ ਸ਼ਹਿਰ ਦੇ ਇਕ ਭੀਡ਼ ਵਾਲੇ ਮੁਹੱਲੇ ਦਾ ਵਾਸੀ ਹੈ। ਉਕਤ ਨੌਜਵਾਨ ਦੀ ਕਈ ਦਿਨਾਂ ਤੋਂ ਸਿਹਤ ਠੀਕ ਨਹੀਂ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਮ. ਓ. ਇੰਦਰ ਮੋਹਨ ਗੁਪਤਾ ਨੇ ਦੱਸਿਆ ਕਿ ਸਿਵਲ ਹਸਪਤਾਲ ’ਚ ਤਰਨਤਾਰਨ ਸ਼ਹਿਰ ਦਾ ਰਹਿਣ ਵਾਲਾ 28 ਸਾਲਾ ਨੌਜਵਾਨ ਜੋ ਖਾਂਸੀ, ਤੇਜ਼ ਬੁਖਾਰ ਅਤੇ ਜ਼ੁਕਾਮ ਤੋਂ ਪੀੜਤ ਸੀ, ਇਲਾਜ ਲਈ  ਹਸਪਤਾਲ ਆਇਆ। ਹਸਪਤਾਲ ਦੇ ਮਾਹਿਰ ਡਾ. ਰਮਨਦੀਪ ਸਿੰਘ ਪੱਡਾ ਨੇ ਕੋਰੋਨਾ ਸਬੰਧੀ ਕੁਝ ਲੱਛਣ ਸਾਹਮਣੇ ਆਉਣ ’ਤੇ ਉਕਤ ਨੌਜਵਾਨ ਨੂੰ ਆਈਸੋਲੇਸ਼ਨ ਵਾਰਡ ’ਚ ਦਾਖਲ ਕਰ ਲਿਆ। ਉਨ੍ਹਾਂ ਦੱਸਿਆ ਕਿ ਸ਼ੱਕੀ ਮਰੀਜ਼ ਦਾ ਸਵੈਬ ਸੈਂਪਲ ਮਾਹਿਰ ਡਾ. ਸੁਖਬੀਰ ਕੌਰ ਔਲਖ ਅਤੇ ਲੈਬਾਰਟਰੀ ਟੈਕਨੀਸ਼ੀਅਨ ਸੁਮਨ ਵੱਲੋਂ ਸੇਫਟੀ ਕਿੱਟ ਦੀ ਵਰਤੋਂ ਕਰਦਿਆਂ ਲਿਆ ਗਿਆ, ਜਿਸ ਨੂੰ ਅੰਮ੍ਰਿਤਸਰ ਸਥਿਤ ਲੈਬਾਰਟਰੀ ’ਚ ਜਾਂਚ ਲਈ ਭੇਜ ਦਿੱਤਾ ਗਿਆ ਹੈ। ਲਏ ਗਏ ਸੈਂਪਲ ਦੀ ਰਿਪੋਰਟ ਵੀਰਵਾਰ ਨੂੰ ਆਉਣ ਦੀ ਸੰਭਾਵਨਾ ਹੈ।

ਗੁਪਤਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਪਹਿਲਾਂ ਤੋਂ ਆਈਸੋਲੇਸ਼ਨ ਵਾਰਡ ’ਚ ਦਾਖਲ ਬਾਠ ਰੋਡ ਦੇ ਨਿਵਾਸੀ ਨੌਜਵਾਨ ਜਿਸ ਦੀ ਕੋਰੋਨਾ ਰਿਪੋਰਟ ਨੈਗੇਟਿਵ ਆ ਚੁੱਕੀ ਹੈ, ਦਾ 14 ਦਿਨਾਂ ਬਾਅਦ ਦੁਬਾਰਾ ਸਵੈਬ ਸੈਂਪਲ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਆਈਸੋਲੇਸ਼ਨ ਵਾਰਡ ’ਚ ਦਾਖਲ ਮਰੀਜ਼ਾਂ ਦੀ ਸਿਹਤ ਅਤੇ ਉਨ੍ਹਾਂ ਦੀ ਖੁਰਾਕ ਸਬੰਧੀ ਧਿਆਨ ਰੱਖਣ ਲਈ ਨਰਸ ਕੁਲਵੰਤ ਕੌਰ ਤੇ ਲਖਵਿੰਦਰ ਕੌਰ ਤੋਂ ਇਲਾਵਾ ਰਾਜ ਕੌਰ, ਦਵਿੰਦਰ ਕੌਰ, ਤਰਜੀਤ ਕੌਰ, ਮਨਜਿੰਦਰ ਕੌਰ, ਸਰਵਜੀਤ ਕੌਰ (ਸਾਰੀਆਂ ਸਟਾਫ ਨਰਸਾਂ) ਅਤੇ ਮਨਜੀਤ ਕੌਰ, ਰਮਨ ਕੁਮਾਰੀ, ਸੱਤਿਆ (ਸਾਰਾ ਸਟਾਫ) ਸੇਵਾ ’ਚ ਲੱਗਾ ਹੋਇਆ ਹੈ।