ਮਨੀਲਾ ‘ਚ ਫ਼ਾਇਨਾਂਸ ਦਾ ਕੰਮ ਕਰਦੇ ਪੰਜਾਬੀ ਨੌਜਵਾਨ ਨੂੰ ਗੈਂਗਸਟਰਾਂ ਨੇ ਮਾਰੀ ਗੋਲੀ, ਮੌਕੇ ‘ਤੇ ਮੌਤ

ਫਰੀਦਕੋਟ , (ਪੰਜਾਬੀ ਸਪੈਕਟ੍ਰਮ ਸਰਵਿਸ) : ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਢੁੱਡੀ ਨਾਲ ਸਬੰਧਤ ਜਗਰੂਪ ਸਿੰਘ ਬਰਾੜ ਦੇ ਪੁੱਤਰ ਦੀ ਮਨੀਲਾ ‘ਚ ਗੈਂਗਸਟਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਹ ਜਾਣਕਾਰੀ ਪਿੰਡ ਦੇ ਸਾਬਕਾ ਸਰਪੰਚ ਗੁਰਤੇਜ ਸਿੰਘ ਢੁੱਡੀ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪਰਿਵਾਰ ਨੂੰ ਅੱਜ ਹੀ ਇਹ ਦੁਖਦਾਈ ਖ਼ਬਰ ਮਿਲੀ ਹੈ, ਜਿਸ ਕਰਕੇ ਸਾਰੇ ਪਿੰਡ ‘ਚ ਸੋਗ ਦੀ ਲਹਿਰ ਹੈ। ਉਨ੍ਹਾਂ ਦੱਸਿਆ ਕਿ ਤਿੰਨ ਸਾਲ ਪਹਿਲਾਂ ਮਨੀਲਾ ਗਿਆ ਲਵਪ੍ਰੀਤ ਸਿੰਘ ਇੱਕ ਕਿਸਾਨ ਵੱਜੋਂ ਕੰਮ ਕਰਦਾ ਸੀ ਤੇ ਰੋਜੀ ਰੋਟੀ ਕਮਾਉਣ ਲਈ ਮਨੀਲਾ ਵਿਖੇ ਫ਼ਾਇਨਾਂਸ ਦਾ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ ਜਦੋਂ ਮਨੀਲਾ ‘ਚ ਲਵਪ੍ਰੀਤ ਸਿੰਘ ਨੂੰ ਗੈਂਗਸਟਰਾਂ ਨੇ ਗੋਲੀ ਮਾਰੀ ਤਾਂ ਮੌਕੇ ‘ਤੇ ਪੁਲਿਸ ਮੁਲਾਜਮ ਨੇ ਦੇਖ ਲਿਆ ਅਤੇ ਉਸ ਨੇ ਗੈਂਗਸਟਰਾਂ ਦਾ ਪਿੱਛਾ ਕੀਤਾ ਪਰ ਗੈਂਗਸਟਰਾਂ ਨੇ ਪੁਲਿਸ ਮੁਲਾਜਮ ਨੂੰ ਵੀ ਗੋਲੀ ਮਾਰ ਦਿੱਤੀ, ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪਰਿਵਾਰ ਆਰਥਿਕ ਪੱਖੋਂ ਕਾਫ਼ੀ ਕਮਜੋਰ ਹੈ, ਇਸ ਲਈ ਲਵਪ੍ਰੀਤ ਦੀ ਲਾਸ਼ ਮਨੀਲਾ ਤੋਂ ਲਿਆਉਣ ਲਈ ਮਦਦ ਕੀਤੀ ਜਾਵੇ।