29 ਵਾਰਡਾਂ ’ਚ ਮਰਦ/ਔਰਤ ਨੂੰ ਚੋਣਾਂ ਲੜਨ ਦੇ ਦਿੱਤੇ ਜਾਣ ਅਧਿਕਾਰ : ਦਾਸੀਆ

ਕੋਟਕਪੂਰਾ, (ਪੰਜਾਬੀ ਸਪੈਕਟ੍ਰਮ ਸਰਵਿਸ) :- ਪੰਜਾਬ ਸਰਕਾਰ ਵਲੋਂ ਅਕਤੂਬਰ ’ਚ ਨਗਰ ਕੋਂਸਲ ਚੌਣਾ ਕਰਾਉਣ ਦੇ ਮਿਲੇ ਸੰਕੇਤ ਦੇ ਪ੍ਰਤੀਕਰਮ ਵਜੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਬਾਜੀਗਰ ਸੈੱਲ ਦੇ ਜਿਲਾ ਵਾਈਸ ਪ੍ਰਧਾਨ ਤੇ ਕੌਂਸਲਰ ਜਸਪਾਲ ਸਿੰਘ ਦਾਸੀਆ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਔਰਤਾਂ ਲਈ ਰਾਖਵੇਂ ਕੀਤੇ ਗਏ ਵਾਰਡਾਂ ਸਮੇਤ ਸਾਰੇ 29 ਵਾਰਡਾਂ ’ਚ ਮਰਦ/ਔਰਤ ਨੂੰ ਚੋਣਾਂ ਲੜਨ ਦੇ ਅਧਿਕਾਰ ਦਿੱਤੇ ਜਾਣ। ਕਿਉਂਕਿ ਅਨੁਸੂਚਿਤ ਜਾਤੀ ਦੇ ਹਿੱਸੇ ਆਏ ਕੁਝ ਵਾਰਡਾਂ ’ਚ ਚੋਣ ਲੜਨ ਵਾਲੀਆਂ ਗਰੀਬ ਔਰਤਾਂ ਸਿਰਫ ਘਰਾਂ ਦੇ ਕੰਮਾਂ ਤੱਕ ਹੀ ਸੀਮਿਤ ਰਹਿੰਦੀਆਂ ਹਨ, ਉਹ ਕਾਨੂੰਨ ਤੋਂ ਬਹੁਤਾ ਵਾਕਫ ਨਹੀਂ ਹੁੰਦੀਆਂ ਤੇ ਉਨਾਂ ਦਾ ਸ਼ਹਿਰ ਦੇ ਵਿਕਾਸ ਜਾਂ ਲੋਕਾਂ ਦੀਆਂ ਸਮੱਸਿਆਵਾਂ ਨਾਲ ਵੀ ਬਹੁਤਾ ਸਰੋਕਾਰ ਨਹੀਂ ਹੁੰਦਾ, ਜਿਸ ਕਰਕੇ ਅਕਸਰ ਕੌਂਸਲਰ ਬਣੀ ਔਰਤ ਦਾ ਪਤੀ, ਪੁੱਤਰ, ਸਹੁਰਾ ਜਾਂ ਦਿਉਰ ਹੀ ਉਕਤ ਵਾਰਡ ਦੀ ਪ੍ਰਤੀਨਿਧਤਾ ਕਰਦਾ ਹੈ ਤੇ ਕੌਂਸਲਰ ਹੋਣ ਦੇ ਬਾਵਜੂਦ ਵੀ ਔਰਤ ਸਿਰਫ ਰਬੜ ਦੀ ਮੌਹਰ ਬਣ ਕੇ ਰਹਿ ਜਾਂਦੀ ਹੈ। ਜਸਪਾਲ ਸਿੰਘ ਦਾਸੀਆ ਅਤੇ ਉਸਦੇ ਸਾਥੀਆਂ ਲਖਵੀਰ ਸਿੰਘ, ਗੋਬਿੰਦ ਸਿੰਘ, ਹਰਜਿੰਦਰ ਸਿੰਘ, ਬੱਗਾ ਸਿੰਘ ਆਦਿ ਮੁਤਾਬਿਕ ਬਹੁਤ ਸਾਰੇ ਝਗੜੇ ਜਾਂ ਵਿਵਾਦ ਐਮ.ਸੀ. ਦੇ ਜਾਣ ਨਾਲ ਹੀ ਹੱਲ ਹੁੰਦੇ ਹਨ ਪਰ ਉੱਥੇ ਅਨਪੜ ਔਰਤਾਂ ਲਈ ਜਾਣਾ ਮੁਸ਼ਕਿਲ ਹੁੰਦਾ ਹੈ। ਉਨਾ ਦਾਅਵਾ ਕੀਤਾ ਕਿ ਅਨੁਸੂਚਿਤ ਜਾਤੀਆਂ ਦੇ ਔਰਤਾਂ ਲਈ ਰਾਖਵੇਂ ਵਾਰਡਾਂ ’ਚ ਗਰੀਬ, ਅਨਪੜ ਅਤੇ ਅਣਜਾਣ ਔਰਤਾਂ ਦੇ ਚੁੁਣੇ ਜਾਣ ਕਾਰਨ ਹੀ ਉਕਤ ਹਲਕਾ ਵਿਕਾਸ ਪੱਖੋਂ ਪੱਛੜ ਜਾਂਦਾ ਹੈ।