ਇਕਾਂਤਵਾਸ ਕਰਨ ਦੇ ਨਾਂ ‘ਤੇ ਵੀ ਹੋਣ ਲੱਗੀ ਸਿਆਸਤ…?

ਸਰਪੰਚ ਕਹਿੰਦਾ ਨੱਕ ਨਾਲ ਲਕੀਰਾਂ ਕੱਢੋ ਫਿਰ ਮੈਂ ਘਰ ਭੇਜ ਦੇਵਾਂਗਾ:ਪੀੜਤ

ਬੱਲੂਆਣਾ (ਸੁਰਿੰਦਰਪਾਲ ਸਿੰਘ):ਕਰੋਨਾ ਵਾਇਰਸ ਕਰਕੇ ਜਿੱਥੇ ਪੂਰੀ ਦੁਨੀਆਂ ਝੰਬੀ ਪਈ ਹੈ, ਉੱਥੇ ਵੱਡੇ ਸਿਆਸੀ ਲੀਡਰਾਂ ਦੇ ਨਾਲ- ਨਾਲ ਹੇਠਲੇ ਪੱਧਰ ਦੇ ਆਗੂ ਵੀ ਇਸ ਬਿਪਤਾ ਮੌਕੇ ਵੀ ਆਪਣਾ ਦਮ ਦਿਖਾ ਕੇ ਵਿਰੋਧੀਆਂ ਨੂੰ ਥੱਲੇ ਲਾ ਰਹੇ ਹਨ। ਪਿੰਡ ਰਾਏਕੇ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਇਕਾਂਤਵਾਸ ਹੋਏ ਸ਼ਿਵਕਰਨ ਸਿੰਘ ਅਤੇ ਉਸਦੇ ਸਾਥੀਆਂ ਨੇ ਦੱਸਿਆ ਕਿ ਉਹ ਹਫਤਾ ਪਹਿਲਾਂ ਮੱਧ ਪ੍ਰਦੇਸ਼ ਤੋਂ ਆਏ ਹਨ ਤੇ ਉਨ੍ਹਾਂ ਨੂੰ ਸਰਕਾਰੀ ਸਕੂਲ ਵਿੱਚ ਇਕਾਂਤਵਾਸ ਕੀਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਅਨੇਕਾਂ ਬੰਦਿਆਂ ਨੂੰ ਸਰਪੰਚ ਸਤਨਾਮ ਸਿੰਘ ਨੇ ਇੱਕ ਰਾਤ ਬਾਅਦ ਹੀ ਘਰੋਂ ਘਰੀ ਭੇਜ ਦਿੱਤਾ ਹੈ ਅਤੇ ਚੰਡੀਗੜ੍ਹ ਤੋਂ ਆਏ ਇੱਕ ਚੇਅਰਮੈਨ ਦੇ ਲੜਕੇ ਨੂੰ ਇੱਕ ਮਿੰਟ ਲਈ ਵੀ ਇਕਾਂਤਵਾਸ ਨਹੀਂ ਕੀਤਾ, ਉਹ ਤਾਂ ਮੋਟਰਸਾਈਕਲ ‘ਤੇ ਗੇੜੀਆਂ ਲਾ ਰਿਹਾ ਹੈ।ਸਿਵਕਰਨ ਸਿੰਘ ਨੇ ਕਿਹਾ ਕਿ ਸਰਪੰਚ ਸਤਨਾਮ ਸਿੰਘ ਸਾਨੂੰ ਕਹਿੰਦਾ ਹੈ ਕਿ ਨੱਕ ਨਾਲ ਲਕੀਰਾਂ ਕੱਢੋ,ਫਿਰ ਮੈਂ ਘਰ ਭੇਜ ਦਿਆਂਗਾ।ਇਸ ਮਾਮਲੇ ਸਬੰਧੀ ਜਦੋਂ ਸਰਪੰਚ ਸਤਨਾਮ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਗੁਰਪ੍ਰੀਤ ਨਾਮ ਦੇ ਇੱਕ ਵਿਅਕਤੀ ਨੂੰ ਅਸੀਂ ਸਕੂਲ ਵਿੱਚ ਇਕਾਂਤਵਾਸ ਕੀਤਾ ਸੀ ਪਰ ਉਹ ਭੱਜ ਗਿਆ। ਜਦੋਂ ਸਰਪੰਚ ਨੂੰ ਭੱਜੇ ਬੰਦੇ ਦੀ ਅੱਗੇ ਸ਼ਿਕਾਇਤ ਕਰਨ ਬਾਰੇ ਪੁੱਛਿਆ ਤਾਂ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਸੀ।ਚੰਡੀਗੜ੍ਹੋਂ ਆਏ ਇਕ ਨੌਜਵਾਨ ਸਬੰਧੀ ਉਨ੍ਹਾਂ ਕਿਹਾ ਕਿ ਉਹ ਤਾਂ 2 ਮਹੀਨੇ ਪਹਿਲਾਂ ਆਇਆ ਹੋਇਆ ਹੈ ਤੇ ਜੋ ਲੋਕ ਸਿਕਾਇਤਾਂ ਕਰ ਰਹੇ ਹਨ, ਉਨ੍ਹਾਂ ਨੂੰ 14 ਦਿਨਾਂ ਬਾਅਦ ਹੀ ਘਰ ਭੇਜਿਆ ਜਾਵੇਗਾ।