ਸੁਨਾਮ ਊਧਮ ਸਿੰਘ ਵਾਲਾ, 9 ਮਈ (ਪੰਜਾਬੀ ਸਪੈਕਟ੍ਰਮ ਸਰਵਿਸ) ਸਥਾਨਕ ਪੁਲਿਸ ਨੇ ਨਜਾਇਜ਼ ਸਬੰਧਾਂ ਦੇ ਚਲਦਿਆਂ ਇੱਕ ਅੰਨੇ ਕਤਲ ਦੀ ਗੁੱਥੀ 24 ਘੰਟਿਆਂ ਵਿੱਚ ਸੁਲਝਾਉਂਦਿਆਂ ਕਤਲ ਦੇ ਕਥਿਤ ਦੋਸ਼ੀਆਂ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਕਥਿਤ ਦੋਸ਼ੀਆਂ ਖਿਲਾਫ ਧਾਰਾ 302 ਤਹਿਤ ਥਾਣਾ ਚੀਮਾ ਵਿੱਚ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਡੀਐਸਪੀ ਸੁਨਾਮ ਸੁਖਵਿੰਦਰਪਾਲ ਸਿੰਘ ਨੇ ਦੱਸਿਆ ਕਿ ਸੋਨੀ ਸਿੰਘ ਪੁੱਤਰ ਮੁਖਤਿਆਰ ਸਿੰਘ ਨਿਵਾਸੀ ਰਤਨਗੜ੍ਹ ਪਾਟਿਆਂਵਾਲੀ ਜੋਕਿ ਸੰਦੀਪ ਸਿੰਘ ਨਿਵਾਸੀ ਜਖੇਪਲ ਦੀ ਕੰਬਾਈਨ ਉੱਤੇ ਨੌਕਰੀ ਕਰਦਾ ਸੀ ਅਤੇ ਕਣਕ ਦਾ ਸੀਜਨ ਲਗਾ ਕੇ ਬੀਤੀ 28 ਅਪ੍ਰੈਲ 2020 ਨੂੰ ਆਪਣੇ ਘਰ ਪਾਟਿਆਂਵਾਲੀ ਆ ਗਿਆ ਸੀ ਅਤੇ ਸੋਨੀ ਸਿੰਘ ਜੋਕਿ 1 ਮਈ ਨੂੰ ਆਪਣੇ ਘਰ ਵਲੋਂ ਅਚਾਨਕ ਲਾਪਤਾ ਹੋ ਗਿਆ ਅਤੇ ਜਿਸਦੀ ਲਾਸ਼ 5 ਮਈ ਨੂੰ ਪਿੰਡ ਚੌਵਾਸ ਜਖੇਪਲ ਦੇ ਛੱਪੜ ਵਿੱਚੋਂ ਬਰਾਮਦ ਹੋਈ ਸੀ। ਉਨ੍ਹਾਂ ਦੱਸਿਆ ਕਿ ਸੋਨੀ ਸਿੰਘ ਦੇ ਰਿਸ਼ਤੇਦਾਰ ਮਨਪ੍ਰੀਤ ਸਿੰਘ ਪੁੱਤਰ ਬਾਬਰਾ ਸਿੰਘ ਨਿਵਾਸੀ ਠੂਠੀਆਂ ਵਾਲੀ ਥਾਣਾ ਸਦਰ ਮਾਨਸਾ ਵੱਲੋਂ ਪੁਲਿਸ ਨੂੰ ਉਸਦੇ ਜੀਜਾ ਸੋਨੀ ਸਿੰਘ ਸਬੰਧੀ ਰਿਪੋਰਟ ਦਰਜ ਕਰਵਾਈ ਸੀ ਜਿਸ ਤਹਿਤ ਪੁਲਿਸ ਪਾਰਟੀ ਵੱਲੋਂ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਅਤੇ ਪੁਲਿਸ ਨੂੰ ਇਸ ਕਾਰਵਾਈ ਦੌਰਾਨ ਸਾਹਮਣੇ ਆਇਆ ਕਿ ਸੋਨੀ ਸਿੰਘ ਦੀ ਪਤਨੀ ਵੀਰਪਾਲ ਕੌਰ ਨੇ ਆਪਣੇ ਪ੍ਰੇਮੀ ਰਵਿੰਦਰ ਸਿੰਘ ਉਰਫ ਰਵੀ ਪੁੱਤਰ ਅਮਰੀਕ ਸਿੰਘ ਨਿਵਾਸੀ ਪਾਟਿਆਂਵਾਲੀ ਨਾਲ ਮਿਲ ਕੇ ਸਾਜਿਸ਼ ਤਹਿਤ 1 ਮਈ ਨੂੰ ਸੋਨੀ ਸਿੰਘ ਦੇ ਸਿਰ ਵਿੱਚ ਲੋਹੇ ਦਾ ਪਾਇਪ ਮਾਰ ਕੇ ਕਤਲ ਕਰ ਦਿੱਤਾ ਸੀ ਅਤੇ ਜਿਸਦੀ ਲਾਸ਼ ਨੂੰ ਇਨ੍ਹਾਂ ਨੇ ਚਾਦਰ ਵਿੱਚ ਬੰਨ੍ਹ ਕੇ ਪਿੰਡ ਚੌਵਾਸ ਜਖੇਪਲ ਦੇ ਛੱਪੜ ਵਿੱਚ ਸੁੱਟ ਦਿੱਤੀ ਤਾਂਕਿ ਉਨ੍ਹਾਂ ਉੱਤੇ ਸੋਨੀ ਸਿੰਘ ਦੇ ਕਤਲ ਦਾ ਕੋਈ ਸ਼ੱਕ ਨਾ ਹੋਵੇ। ਉਨ੍ਹਾਂ ਦੱਸਿਆ ਕਿ ਪੁਲਿਸ ਪੁੱਛਗਿਛ ਵਿੱਚ ਸਾਹਮਣੇ ਆਇਆ ਕਿ ਵੀਰਪਾਲ ਕੌਰ ਅਤੇ ਰਵਿੰਦਰ ਸਿੰਘ ਦੇ ਪਿਛਲੇ 4-5 ਸਾਲਾਂ ਤੋਂ ਗ਼ੈਰਕਾਨੂੰਨੀ ਸੰਬੰਧ ਸਨ ਅਤੇ ਇਨ੍ਹਾਂ ਦੋਨਾਂ ਨੇ ਉਨ੍ਹਾਂ ਦੇ ਪਿਆਰ ਵਿੱਚ ਅੜਿੱਕਾ ਬਣਦੇ ਸੋਨੀ ਸਿੰਘ ਨੂੰ ਮੌਕਾ ਪਾ ਕੇ ਉਸਦਾ ਕਤਲ ਕਰ ਦਿੱਤਾ। ਪੁਲਿਸ ਨੇ ਇਸ ਕਤਲ ਦੌਰਾਨ ਦੋਸ਼ੀਆਂ ਵੱਲੋਂ ਇਸਤੇਮਾਲ ਕੀਤੇ ਗਏ ਪਾਇਪ ਨੂੰ ਵੀ ਬਰਾਮਦ ਕਰ ਲਿਆ ਹੈ ਅਤੇ ਇਸ ਕਤਲ ਦੌਰਾਨ ਇਸਤੇਮਾਲ ਕੀਤੇ ਮੋਟਰਸਾਈਕਲ ਅਤੇ ਹੋਰ ਵਿਅਕਤੀਆਂ ਦੇ ਸ਼ਾਮਲ ਹੋਣ ਸਬੰਧੀ ਪੁੱਛਗਿਛ ਕੀਤੀ ਜਾ ਰਹੀ ਹੈ। ਪੁਲਿਸ ਨੇ ਇਨ੍ਹਾਂ ਦੋਵਾਂ ਕਥਿਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ।