ਕਿਸਾਨ ਵਿਰੋਧੀ ਆਰਡੀਨੈੰਸਾਂ ਦੀਆਂ ਕਾਪੀਆਂ ਸਾੜਨ ਦਾ ਫੈਸਲਾ:ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ 

ਮੀਟਿੰਗ ਕਰਦੇ ਹੋਏ ਕਿਸਾਨ ਆਗੂ
ਬਠਿੰਡਾ,ਰਾਮਪੁਰਾ ਫੂਲ  (ਗੁਰਪ੍ਰੀਤ ਖੋਖਰ) ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਜਿਲ੍ਹਾ ਕਮੇਟੀ ਦੀ ਮੀਟਿੰਗ ਗੁਰੂਦੁਆਰਾ ਬਾਬਾ ਭਾਈ ਰੂਪ ਚੰਦ  ਵਿਖੇ ਜਿਲ੍ਹਾ ਪ੍ਰਧਾਨ ਜਗਦੀਸ਼ ਸਿੰਘ ਗੁੰਮਟੀ ਕਲਾਂ ਦੀ ਪ੍ਰਧਾਨਗੀ ਹੇਠਾਂ ਹੋਈ। ਜਿਸ ਵਿੱਚ ਸੂਬਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ ਵਿਸ਼ੇਸ ਤੌਰ ਤੇ ਸ਼ਾਮਲ ਹੋਏ,  ਮੀਟਿੰਗ ਵਿੱਚ ਸੂਬਾ ਕਮੇਟੀ ਦੇ ਸੱਦੇ ਅਨੁਸਾਰ ਅਗਲੇ ਸੰਘਰਸ ਦਾ ਬਿਗਲ ਵਜਾਇਆ ਗਿਆ ।  ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਖੁੱਲ੍ਹੀ ਮੰਡੀ ਦੀ ਨੀਤੀ, ਠੇਕਾ ਖੇਤੀ ਅਤੇ ਜਮ੍ਹਾਂਖੋਰੀ ਵਿਰੋਧੀ ਕਾਨੂੰਨ ਨੂੰ ਖਤਮ ਕਰਨ ਵਾਲੇ ਆਰਡੀਨੈਂਸਾਂ ਨੂੰ ਬਹੁਤ ਹੀ ਗੰਭੀਰਤਾ ਨਾਲ ਵਿਚਾਰ ਕਰਦੇ ਹੋਏ ਵਿਰੋਧ ਕਰਨ ਦਾ ਫੈਸਲਾ ਲਿਆ ਗਿਆ ਅਤੇ ਨਾਲ ਹੀ ਬਿਜਲੀ ਬਿੱਲ 2020 ਦੇ ਖਰੜੇ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਫੈਸਲਾ ਕੀਤਾ ਗਿਆ ਕਿ ਇਨ੍ਹਾਂ ਚਾਰ ਫੈਸਲਿਆਂ ਜੋ ਕੇਂਦਰ ਸਰਕਾਰ ਨੇ ਲਏ ਹਨ ਕਰਕੇ ਜੋ ਪੰਜਾਬ ਦੇ ਅਧਿਕਾਰਾਂ ਉੱਤੇ ਛਾਪਾ ਮਾਰਿਆ ਗਿਆ ਹੈ  ਦੇ ਵਿਰੁੱਧ ਨਾਲ ਹੀ ਸਤਲੁਜ ਬਿਆਸ ਦੇ ਪਾਣੀਆਂ ਦੀ ਵੰਡ ਨੂੰ ਲੈ ਕੇ ਵੀ ਪੰਜਾਬ ਦੇ ਹੱਕ ਵਿਚ ਫੈਸਲਾ ਕਰਵਾਉਣ ਲਈ ਸੰਘਰਸ਼ ਕਰਨ ਦਾ ਫੈਸਲਾ ਲਿਆ ਗਿਆ। ਲਗਾਤਾਰ 10 ਦਿਨਾਂ ਤੋਂ ਵੱਧਦੇ ਆ ਰਹੇ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਉੱਤੇ ਚਿੰਤਾ ਜਾਹਰ ਕਰਦੇ ਹੋਏ ਸੂਬਾ ਕਮੇਟੀ ਦੀ ਵਧਵੀਂ ਮੀਟਿੰਗ ਨੇ ਫੈਸਲਾ ਕੀਤਾ ਕਿ ਇਨ੍ਹਾਂ ਤਮਾਮ ਐਲਾਨਾਂ ਅਤੇ ਵਧਦੀਆਂ ਤੇਲ ਦੀਆਂ ਕੀਮਤਾਂ ਦੇ ਵਿਰੋਧ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਪੰਜਾਬ ਪੂਰੇ ਜਿਲ੍ਹੇ ਵਿੱਚ ਪਿੰਡ ਪੱਧਰ ਤੋਂ ਲੈ ਕੇ ਬਲਾਕ, ਤਹਿਸੀਲ ਅਤੇ ਜ਼ਿਲ੍ਹਾ ਪੱਧਰ ਤੱਕ 22 ਜੂਨ ਤੋੰ 28 ਜੂਨ ਤੱਕ ਇਕ ਹਫਤਾ ਮੋਦੀ ਸਰਕਾਰ ਦੀਆਂ ਅਤੇ ਉਪਰੋਕਤ ਚਾਰ ਕਾਨੂੰਨਾਂ ਦੀਆਂ ਅਰਥੀਆਂ ਸਾੜੇਗੀ ਅਤੇ ਇਸ ਮੁਹਿੰਮ ਦੇ ਸਿਖਰ ਉੱਤੇ 29 ਜੂਨ ਨੂੰ ਪੰਜਾਬ ਦੇ ਵਿੱਚ ਅਕਾਲੀਆਂ ਅਤੇ ਭਾਜਪਾ ਦੇ ਅਸੈਂਬਲੀ ਅਤੇ ਪਾਰਲੀਮੈਂਟ ਲਈ ਚੁਣੇ ਹੋਏ ਨੁਮਾਇੰਦਿਆਂ ਅਤੇ ਉਨ੍ਹਾਂ ਦੇ ਹੋਰ ਉੱਘੇ ਆਗੂਆਂ ਦੇ ਦਫਤਰਾਂ ਜਾਂ ਘਰਾਂ ਅੱਗੇ ਮੋਦੀ ਸਰਕਾਰ ਦੇ ਪੁਤਲਿਆਂ ਦੇ ਨਾਲ ਨਾਲ  ਇਨ੍ਹਾਂ ਆਰਡੀਨੈਂਸਾਂ ਅਤੇ ਬਿਲਾਂ ਦੀਆਂ ਕਾਪੀਆਂ ਸਾੜੇਗੀ ਕਿਉਂ ਜੋ ਇਹ ਦਿੱਲੀ ਵਿੱਚ ਬੈਠ ਕੇ ਇਨ੍ਹਾਂ ਕਾਨੂੰਨਾਂ ਨੂੰ ਪਾਸ ਕਰਨ ਲਈ ਕਰਾਉਣ ਲਈ ਜੰਿਮੇਵਾਰ ਹਨ ਅਤੇ ਪੰਜਾਬ ਪੰਜਾਬੀ ਲੋਕਾਂ ਅਤੇ ਕਿਸਾਨਾਂ ਦੇ ਵਿਰੋਧੀ ਭੁਗਤ ਰਹੇ ਹਨ। ਇਸ ਮੌਕੇ ਗੁਰਦਿੱਤ ਸਿੰਘ ਗੁੰਮਟੀ ਕਲਾਂ, ਮਲਕੀਤ ਸਿੰਘ ਭਾਈਰੂਪਾ, ਸੁਖਦੇਵ ਸਿੰਘ ਭਾਈਰੂਪਾ, ਆਤਮਾ ਸਿੰਘ ਭਾਈਰੂਪਾ, ਮੰਦਰ ਸਿੰਘ, ਗੁਰਨਾਮ ਸਿੰਘ ਮਹਿਰਾਜ, ਰਤਨ ਚੰਦ ਅਕਲੀਆ, ਨਾਜਰ ਸਿੰਘ ਅਕਲੀਆ, ਗੁਰਤੇਜ ਸਿੰਘ ਗੁੰਮਟੀ, ਮੱਖਣ ਸਿੰਘ ਗੁੰਮਟੀ ਆਦਿ ਕਿਸਾਨ ਆਗੂ ਹਾਜਰ ਸਨ।