ਜਾਅਲੀ ਪਾਸ ਬਣਾ ਕੇ ਮਜ਼ਦੂਰਾਂ ਨੂੰ ਯੂ. ਪੀ. ਛੱਡਣ ਜਾ ਰਹੇ 5 ਬੱਸ ਡਰਾਈਵਰ ਤੇ 1 ਮਾਲਕ ਗਿ੍ਰਫ਼ਤਾਰ

ਮਾਨਸਾ, (ਪੰਜਾਬੀ ਸਪੈਕਟ੍ਰਮ ਸਰਵਿਸ)-ਜ਼ਿਲਾ ਪੁਲਿਸ ਮਾਨਸਾ ਨੇ ਜਾਅਲੀ ਕਰਫ਼ਿਊ ਪਾਸ ਬਣਾ ਕੇ ਪ੍ਰਵਾਸੀ ਮਜ਼ਦੂਰਾਂ ਨੂੰ ਉੱਤਰ ਪ੍ਰਦੇਸ਼ ਦੇ ਮੋਹੱਬਾ ਵਿਖੇ ਛੱਡਣ ਜਾ ਰਹੇ 5 ਬੱਸ ਡਰਾਈਵਰਾਂ ਨੂੰ ਜਿੱਥੇ ਬੱਸਾਂ ਸਮੇਤ ਗਿ੍ਰਫ਼ਤਾਰ ਕੀਤਾ ਹੈ ਉੱਥੇ ਇਕ ਬੱਸ ਮਾਲਕ ਵੀ ਪੁਲਿਸ ਦੇ ਹੱਥ ਚੜਿਆ ਹੈ। ਇਹ ਵਿਅਕਤੀ ਮੋਟੀ ਰਕਮ ਵਸੂਲ ਕਰ ਕੇ ਮਜ਼ਦੂਰਾਂ ਨੂੰ ਲੈ ਕੇ ਜਾਣ ਦੀ ਤਿਆਰੀ ਵਿਚ ਸਨ। ਡਾ: ਨਰਿੰਦਰ ਭਾਰਗਵ ਐਸ. ਐਸ. ਪੀ. ਮਾਨਸਾ ਨੇ ਦੱਸਿਆ ਕਿ ਉਨਾਂ ਦੇ ਧਿਆਨ ‘ਚ ਆਇਆ ਸੀ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਇਕ ਰਾਜ ਤੋਂ ਦੂਜੇ ਰਾਜ ‘ਚ ਮਜ਼ਦੂਰਾਂ ਨੂੰ ਪਹੁੰਚਾਉਣ ਲਈ ਕੁਝ ਬੱਸ ਚਾਲਕਾਂ ਵਲੋਂ ਗਲਤ ਹੱਥਕੰਡੇ ਅਪਣਾਏ ਜਾ ਰਹੇ ਹਨ, ਜਿਸ ‘ਤੇ ਤਿਰਛੀ ਨਜ਼ਰ ਰੱਖੀ ਹੋਈ ਸੀ। ਉਨਾਂ ਦੱਸਿਆ ਕਿ ਵਿਸ਼ੇਸ਼ ਸੂਹ ‘ਤੇ ਸੰਜੀਵ ਗੋਇਲ ਡੀ. ਐਸ. ਪੀ. ਸਰਦੂਲਗੜ ਦੀ ਅਗਵਾਈ ‘ਚ ਪੁਲਿਸ ਪਾਰਟੀ ਵਲੋਂ ਝੰਡਾ ਕਲਾਂ ਨਾਕੇ ‘ਤੇ ਇਨਾਂ ਬੱਸਾਂ ਨੂੰ ਮਜ਼ਦੂਰਾਂ ਸਮੇਤ ਹਿਰਾਸਤ ‘ਚ ਲਿਆ ਗਿਆ। ਬੱਸਾਂ ਵਿਚ 345 ਮਜ਼ਦੂਰ ਸਵਾਰ ਸਨ, ਜਿਨਾਂ ‘ਚ 150 ਮਰਦ, 80 ਔਰਤਾਂ ਅਤੇ 115 ਬੱਚੇ ਸ਼ਾਮਲ ਸਨ।