ਜੈ ਸਿੰਘ ਵਾਲਾ ਜਾਤੀ ਜਬਰ ਮਾਮਲਾ ਪੁਲਿਸ ਦੇ ਗਲੇ ਦੀ ਹੱਡੀ ਬਣਿਆ

 ਹਰਵਿੰਦਰ ਲਾਡੀ ਦੇ ਇਸ਼ਾਰਿਆਂ ‘ਤੇ ਨੱਚ ਰਹੀ ਹੈ ਪੁਲਸ: ਆਗੂ

ਬਠਿੰਡਾ (ਪੰਜਾਬੀ ਸਪੈਕਟ੍ਰਮ ਸਰਵਿਸ): ਜੈ ਸਿੰਘ ਵਾਲਾ ਜਾਤੀ ਜਬਰ ਮਾਮਲਾ ਪੁਲਿਸ ਦੇ ਗਲੇ ਦੀ ਹੱਡੀ ਬਣ ਗਿਆ ਹੈ। ਪੁਲਿਸ ਵੱਲੋਂ ਇੱਕ ਦੋਸ਼ੀ ਬਲਦੇਵ ਸਿੰਘ ਉਰਫ ਦੇਵ ਨੂੰ ਗਿ੍ਰਫਤਾਰ ਕਰਕੇ ਪੀੜਤ ਅਤੇ ਜਥੇਬੰਦੀਆਂ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦੋਂ ਜਥੇਬੰਦੀਆਂ ਚਾਰੇ ਦੋਸ਼ੀਆਂ ਨੂੰ ਫੜਾਉਣ, ਦੋਸ਼ੀ ਪੁਲਿਸ ਅਧਿਕਾਰੀਆਂ ‘ਤੇ ਕਾਰਵਾਈ ਕਰਵਾਉਣ ਅਤੇ ਅਸ਼ਵਨੀ ਘੁੱਦਾ ਨੂੰ ਧਮਕੀ ਦੇਣ ਵਾਲੇ ਗੁੰਡਾ ਅਨਸਰਾਂ ਵਿਰੁੱਧ ਕਾਰਵਾਈ ਕਰਵਾਉਣ ਲਈ ਬਜ਼ਿਦ ਹਨ।
ਪੁਲਿਸ ਦੀਆਂ ਚਾਲਾਂ ਤੋਂ ਖਫ਼ਾ ਨੌਜਵਾਨਾਂ, ਮਜਦੂਰਾਂ, ਕਿਸਾਨਾਂ ਵੱਲੋਂ ਅੱਜ ਕੋਟਗੁਰੁ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਨੌਜਵਾਨ ਭਾਰਤ ਸਭਾ ਦੀ ਅਗਵਾਈ ਵਿੱਚ ਪੁਲਿਸ ਸਿਆਸੀ ਗੁੰਡਾ ਗਠਜੋੜ ਦਾ ਪੁਤਲਾ ਫੂਕਿਆ ਗਿਆ। ਮੌਕੇ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਰਾਮ ਸਿੰਘ ਕੋਟਗੁਰੂ ਨੇ ਕਿਹਾ ਕਿ ਬੇਸ਼ੱਕ ਪੁਲਿਸ ਇਸ ਮਾਮਲੇ ਵਿੱਚ ਬਿਨਾਂ ਕਿਸੇ ਸਿਆਸੀ ਦਬਾਅ ਤੋਂ ਕਨੂੰਨ ਅਨੁਸਾਰ ਕੰਮ ਕਰਨ ਦਾ ਦਾਅਵਾ ਕਰਦੀ ਹੈ ਪਰ ਪੁਲਿਸ ਦੀ ਨਖਿੱਧ ਕਾਰਗੁਜ਼ਾਰੀ ਤੋਂ ਸਪੱਸ਼ਟ ਹੈ ਕਿ ਪੁਲਿਸ ਬਠਿੰਡਾ ਦਿਹਾਤੀ ਦੇ ਕਾਂਗਰਸੀ ਹਲਕਾ ਇੰਚਾਰਜ ਹਰਵਿੰਦਰ ਲਾਡੀ ਦੇ ਇਸ਼ਾਰਿਆਂ ਤੇ ਨੱਚਦੀ ਹੈ।
ਉਹਨਾਂ ਕਿਹਾ ਕਿ ਵੋਟਾਂ ਵੇਲੇ ਇਸ ਰਿਜ਼ਰਵ ਹਲਕੇ ਦੇ ਉਮੀਦਵਾਰ ਮਜਦੂਰਾਂ ਦੇ ਵੱਡੇ ਹਮਦਰਦ ਅਤੇ ਦੁੱਖ ਸੁਖ ਦਾ ਸਾਥੀ ਹੋਣ ਦਾ ਦਾਅਵਾ ਕਰਦੇ ਹਨ ਪਰ ਇਸ ਮਾਮਲੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦੀ ਚੁੱਪ ਨੇ ਦਰਸਾ ਦਿੱਤਾ ਕਿ ਸਿਆਸੀ ਆਗੂਆਂ ਦੇ ਖਾਣ ਵਾਲੇ ਦੰਦ ਹੋਰ ਅਤੇ ਦਿਖਾਉਣ ਵਾਲੇ ਦੰਦ ਹੋਰ ਹੁੰਦੇ ਹਨ। ਅਸਲ ਵਿੱਚ ਇਸ ਰਾਜ ਪ੍ਰਬੰਧ ਵਿੱਚ ਸਿਆਸਤ ਕਿਰਤੀ ਲੋਕਾਂ ਦੇ ਵਿਰੁੱਧ ਭੁਗਤਦੀ ਹੈ ਅਤੇ ਗੁੰਡਾਗਰਦੀ ਨੂੰ ਸ਼ਹਿ ਦਿੰਦੀ ਹੈ। ਆਗੂਆਂ ਨੇ ਚੇਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਉਹ ਰਹਿੰਦੇ ਦੋਸ਼ੀਆਂ ਨੂੰ ਅੰਦਰ ਕਰਵਾਉਣ, ਪੁਲਿਸ ਮੁਲਾਜ਼ਮਾਂ ਤੇ ਕਾਰਵਾਈ ਕਰਵਾਉਣ ਅਤੇ ਅਸ਼ਵਨੀ ਘੁੱਦਾ ਨੂੰ ਧਮਕੀ ਦੇਣ ਵਾਲੇ ਅਨਸਰ ਨੂੰ ਗਿ੍ਰਫਤਾਰ ਕਰਵਾ ਕੇ ਹੀ ਦਮ ਲੈਣਗੇ। ਇਸ ਮੌਕੇ ਹਰਵਿੰਦਰ ਗਾਗੀ, ਹਰਮੀਤ ਕਾਲੂ, ਹਰਦੀਪ ਸਿੰਘ, ਨਾਨਕ ਸਿੰਘ, ਕੁਲਦੀਪ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।।