ਡਰੇਨ ਦੀ ਪੱਟੜੀ ਉੱਪਰ ਲਾਸ਼ ਲਟਕਦੀ ਹੋਈ ਮਿਲਣ ਤੇ ਇਲਾਕੇ ਵਿੱਚ ਸਹਿਮ ਦਾ ਮਾਹੌਲ

ਭਗਤਾ ਭਾਈਕਾ, 4 ਮਈ (ਸੁਖਮੰਦਰ ਸਿੰਘ ਸਿੱਧੂ) ਤੜਕੇ ਦਿਨ ਚੜ੍ਹਦੇ ਹੀ ਇਲਾਕੇ ਅੰਦਰ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਨੇੜਲੇ ਪਿੰਡ ਜਲਾਲ- ਅਕਲੀਆ ਰੋਡ ਉੱਪਰ ਪੈਂਦੀ ਡਰੇਨ ਦੀ ਪਟਰੀ ਉੱਪਰ ਇਕ ਵਿਅਕਤੀ ਦੀ ਲਾਸ਼ ਲਟਕਦੀ ਹੋਈ ਪਾਈ ਗਈ। ਓਥੇ ਹੀ ਆਸਪਾਸ ਇਲਾਕੇ ਦੇ ਲੋਕ ਵੀ ਘਟਨਾ ਵਾਲੀ ਜਗ੍ਹਾ ਉੱਪਰ ਇਕੱਠਾ ਹੋਣਾ ਸ਼ੁਰੂ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਚੌਂਕੀ ਭਗਤਾ ਦੀ ਪੁਲਿਸ ਵੀ ਮੌਕੇ ਉੱਪਰ ਜਾਇਜ਼ਾ ਲੈਣ ਲਈ ਪੁੱਜੀ। ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਤਫਤੀਸ਼ੀ ਅਧਿਕਾਰੀ ਏਐਸਆਈ ਬਲਬੀਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਜਲਾਲ ਅਕਲੀਆ ਰੋਡ ਉੱਪਰ ਪੈਂਦੀ ਡਰੇਨ ਦੀ ਪਟਰੀ ਉਪਰ ਕਿਸੇ ਅਣਪਛਾਤੇ ਵਿਅਕਤੀ ਦੀ ਲਾਸ਼ ਲਟਕਦੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਸੀ ਜੋ ਕਿ ਜਾਂਚ ਦੌਰਾਨ ਮਿ੍ਰਤਿਕ ਵਿਅਕਤੀ ਦੀ ਪਹਿਚਾਣ ਅਵਤਾਰ ਸਿੰਘ ਪੁੱਤਰ ਨਾਜਰ ਵਾਸੀ ਦੀਨਾ ਸਾਹਿਬ ਜ਼ਿਲ੍ਹਾ ਮੋਗਾ ਵਜੋਂ ਹੋਈ ਹੈ ਅਤੇ ਸ਼ੁਰੂਆਤੀ ਜਾਂਚ ਦੌਰਾਨ ਇਹ ਮਾਮਲਾ ਖ਼ੁਦਖੁਸ਼ੀ ਦਾ ਲੱਗ ਰਿਹਾ ਹੈ ਪਰ ਹਲੇ ਤੱਕ ਇਸਦੇ ਕਾਰਨਾਂ ਬਾਰੇ ਨਹੀਂ ਪਤਾ ਲੱਗ ਪਾਇਆ ਹੈ। ਫਿਲਹਾਲ ਪੁਲਿਸ ਮੁਤਾਬਿਕ 174 ਦੀ ਕਾਰਵਾਈ ਕਰ ਲਾਸ਼ ਨੂੰ ਕਬਜੇ ਵਿੱਚ ਲੈ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।