ਨਵਜਨਮੀ ਬੱਚੀ ਨੂੰ ਸੜਕ ਕਿਨਾਰੇ ਕੂੜੇ ਦੇ ਢੇਰ ‘ਤੇ ਸੁੱਟ ਕੇ ਮਾਂ ਫਰਾਰ

ਬਠਿੰਡਾ,  (ਪੰਜਾਬੀ ਸਪੈਕਟ੍ਰਮ ਸਰਵਿਸ) : ਸ਼ਹਿਰ ਦੇ ਐਨ ਵਿਚਕਾਰ ਗੋਲ ਡਿੱਗੀ ਨੇੜੇ ਕੋਈ ਵਿਅਕਤੀ ਨਵਜਨਮੀ ਬੱਚੀ ਨੂੰ ਕੂੜੇ ਦੇ ਢੇਰ ਉੱਪਰ ਸੁੱਟ ਗਿਆ। ਉੱਥੋਂ ਗੁਜ਼ਰ ਰਹੇ ਕੁਝ ਲੋਕਾਂ ਨੇ ਨਵਜਨਮੀ ਬੱਚੀ ਦੀ ਲਾਸ਼ ਨੂੰ ਦੇਖ ਕੇ ਇਸ ਦੀ ਸੂਚਨਾ ਨੌਜਵਾਨ ਵੈੱਲਫੇਅਰ ਸੁਸਾਇਟੀ ਨੂੰ ਦਿੱਤੀ। ਸੁਸਾਇਟੀ ਦੇ ਵਰਕਰਾਂ ਨੇ ਮੌਕੇ ‘ਤੇ ਪਹੁੰਚ ਕੇ ਬੱਚੀ ਕੂੜੇ ਦੇ ਢੇਰ ਤੋਂ ਬਾਹਰ ਕੱਢ ਕੇ ਸੜਕ ਉੱਪਰ ਲਿਆਂਦਾ ਤੇ ਪੁਲਿਸ ਨੂੰ ਸੂਚਨਾ ਦਿੱਤੀ। ਇਹ ਘਟਨਾ ਸੋਮਵਾਰ ਸਵੇਰ ਦੀ ਦੱਸੀ ਜਾਂਦੀ ਹੈ ਜਦੋਂ ਕੋਈ ਅਭਾਗੀ ਮਾਂ ਬੱਚੀ ਨੂੰ ਜਨਮ ਦੇਣ ਤੋਂ ਬਾਅਦ ਸੜਕ ਕਿਨਾਰੇ ਸੁੱਟ ਕੇ ਫਰਾਰ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਕੋਤਵਾਲੀ ਦੇ ਐਸਐਚਓ ਦਵਿੰਦਰ ਸਿੰਘ ਮੌਕੇ ‘ਤੇ ਪੁੱਜੇ ਅਤੇ ਘਟਨਾ ਸਬੰਧੀ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।