ਨਵ-ਵਿਆਹੁਤਾ ਨੂੰ ਪੈਟਰੋਲ ਬੰਬ ਨਾਲ ਉਡਾਉਣ ਦੀ ਕੋਸ਼ਿਸ਼, ਪਤਨੀ ਤੇ ਸਾਲੀ ਗੰਭੀਰ ਰੂਪ ‘ਚ ਝੁਲਸੀਆਂ

ਬਠਿੰਡਾ, (ਪੰਜਾਬੀ ਸਪੈਕਟ੍ਰਮ ਸਰਵਿਸ) : ਤਲਵੰਡੀ ਸਾਬੋ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਆਪਣੇ ਸਹੁਰੇ ਭੁੱਚੋ ਮੰਡੀ ਵਿਚ ਆ ਕੇ ਰਾਤ ਸਮੇਂ ਪੈਟਰੋਲ ਬੰਬ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਉਸਦੀ ਨਵ-ਵਿਆਹੁਤਾ ਪਤਨੀ ਤੇ ਸਾਲੀ ਗੰਭੀਰ ਰੂਪ ਵਿਚ ਝੁਲਸ ਗਈਆਂ। ਪੈਟਰੋਲ ਬੰਬ ਉਸ ਸਮੇਂ ਸੁੱਟਿਆ ਗਿਆ ਜਦੋਂ ਸਾਰਾ ਪਰਿਵਾਰ ਰਾਤ ਸਮੇਂ ਵਿਹੜੇ ਵਿਚ ਸੌ ਰਿਹਾ ਸੀ।
ਉਕਤ ਵਿਅਕਤੀ ਵਲੋਂ ਸੁੱਟੇ ਗਏ ਪੈਟਰੋਲ ਬੰਬ ਨਾਲ ਝੁਲਸੀਆਂ ਦੋਵੇਂ ਕੁੜੀਆਂ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਵਾਰਦਾਤ ਦਾ ਪਤਾ ਚੱਲਦਿਆਂ ਹੀ ਭੁੱਚੋ ਪੁਲਿਸ ਚੌਕੀ ਦੇ ਮੁਲਾਜ਼ਮਾਂ ਨੇ ਹਸਪਤਾਲ ਵਿਚ ਜ਼ੇਰੇ ਇਲਾਜ ਪੀੜ੍ਹਤ ਕੁੜੀਆਂ ਦੇ ਬਿਆਨ ਦਰਜ ਕਰਕੇ ਉਸ ਦੇ ਪਤੀ ਅਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਹਸਪਤਾਲ ਵਿਚ ਜ਼ੇਰੇ ਇਲਾਜ ਸੰਦੀਪ ਕੌਰ ਦੀ ਮਾਂ ਰਾਣੀ ਕੌਰ ਨੇ ਦੱਸਿਆ ਕਿ ਉਸ ਦੀ ਲੜਕੀ ਸੰਦੀਪ ਕੌਰ ਦਾ 22 ਦਿਨ ਪਹਿਲਾਂ ਹੀ ਤਲਵੰਡੀ ਸਾਬੋ ਦੇ ਰਹਿਣ ਵਾਲੇ ਗੁਰਜੀਤ ਸਿੰਘ ਨਾਲ ਵਿਆਹ ਹੋਇਆ ਸੀ। ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਉਕਤ ਪਤੀ, ਪਤਨੀ ਦਾ ਆਪਸ ਵਿਚ ਮਨ ਮੁਟਾਵ ਹੋ ਗਿਆ, ਜਿਸ ਕਾਰਨ ਸੰਦੀਪ ਦੀਆਂ ਨਨਾਣਾਂ ਉਸ ਨੂੰ ਪੇਕੇ ਛੱਡ ਗਈਆਂ। ਰਾਣੀ ਕੌਰ ਨੇ ਦੱਸਿਆ ਕਿ ਐਤਵਾਰ ਦੇਰ ਰਾਤ ਉਸਦਾ ਪੂਰਾ ਪਰਿਵਾਰ ਵਿਹੜੇ ਵਿਚ ਸੌ ਰਿਹਾ ਸੀ।
ਇਸ ਦੌਰਾਨ ਉਸ ਦਾ ਜਵਾਈ ਗੁਰਜੀਤ ਸਿੰਘ ਆਪਣੇ ਇਕ ਸਾਥੀ ਨਾਲ ਘਰ ਦੀ ਕੰਧ ਟੱਪ ਕੇ ਅੰਦਰ ਦਾਖ਼ਲ ਹੋ ਗਿਆ ਤੇ ਬੋਤਲ ਵਿਚ ਪੈਟਰੋਲ ਪਾ ਕੇ ਉਸਦੀ ਲੜਕੀ ’ਤੇ ਸੁੱਟ ਦਿੱਤਾ। ਜਿਸ ਕਾਰਨ ਸੰਦੀਪ ਅਤੇ ਉਸਦੀ ਛੋਟੀ ਭੈਣ ਨਵਦੀਪ ਕੌਰ ਗੰਭੀਰ ਰੂਪ ਵਿਚ ਝੁਲਸ ਗਈਆਂ। ਉਸਨੇ ਦੱਸਿਆ ਕਿ ਵਾਰਦਾਤ ਤੋਂ ਇਕ ਦਿਨ ਪਹਿਲਾਂ ਵੀ ਉਨ੍ਹਾਂ ਦੇ ਘਰ ਪੈਟਰੋਲ ਦੀਆਂ ਬੋਤਲਾਂ ਸੁੱਟੀਆਂ ਗਈਆਂ ਸਨ ਪਰ ਉਹ ਪਰਿਵਾਰ ਉੱਪਰ ਨਹੀਂ ਡਿੱਗੀਆਂ ਸਨ ਜਿਸ ਕਾਰਨ ਬਚਾਅ ਰਹਿ ਗਿਆ ਸੀ। ਇਸ ਸਬੰਧੀ ਪੜਤਾਲ ਅਧਿਕਾਰੀ ਏਐੱਸਆਈ ਗੁਰਦੇਵ ਸਿੰਘ ਨੇ ਦੱਸਿਆ ਕਿ ਰਾਣੀ ਕੌਰ ਦੇ ਬਿਆਨ ’ਤੇ ਕਥਿਤ ਦੋਸ਼ੀ ਗੁਰਜੀਤ ਸਿੰਘ ਅਤੇ ਉਸ ਦੇ ਇਕ ਅਣਪਛਾਤੇ ਸਾਥੀ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 307 ਤਹਿਤ ਪਰਚਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।