ਮਾਨਸਿਕ ਪਰੇਸ਼ਾਨੀ ਕਾਰਨ ਦਰਜੀ ਨੇ ਕੀਤੀ ਖ਼ੁਦਕੁਸ਼ੀ

ਬਠਿੰਡਾ, 15 ਮਈ (ਪੰਜਾਬੀ ਸਪੈਕਟ੍ਰਮ ਸਰਵਿਸ) : ਬਠਿੰਡਾ ਜ਼ਿਲ੍ਹੇ ਦੇ ਲਾਈਨੋਂ ਪਾਰ ਇਲਾਕੇ ਪਰਸ ਰਾਮ ਨਗਰ ‘ਚ ਇਕ ਦਰਜੀ ਨੇ ਖ਼ੁਦਕੁਸ਼ੀ ਕਰ ਲਈ। ਖ਼ੁਦਕੁਸ਼ੀ ਦਾ ਕਾਰਨ ਵਿਅਕਤੀ ਦੀ ਮਾਨਸਿਕ ਪਰੇਸ਼ਾਨੀ ਦੱਸਿਆ ਜਾ ਰਿਹਾ ਹੈ। ਉਸ ਕੋਲੋਂ ਮਿਲੇ ਸੁਸਾਈਡ ਨੋਟ ‘ਚ ਵੀ ਉਸ ਨੇ ਆਪਣੀ ਮੌਤ ਲਈ ਕਿਸੇ ਨੂੰ ਜ਼ਿੰਮੇਵਾਰ ਨਹੀਂ ਦੱਸਿਆ ਸਗੋਂ ਇਸ ਦੀ ਜ਼ਿੰਮੇਵਾਰੀ ਖ਼ੁਦ ਲਈ ਹੈ। ਸੂਚਨਾ ਮਿਲਣ ‘ਤੇ ਮੌਕੇ ‘ਤੇ ਪੁੱਜੀ ਥਾਣਾ ਕੈਨਾਲ ਕਾਲੋਨੀ ਪੁਲਿਸ ਨੇ ਮੌਕੇ ਦਾ ਜਾਇਜ਼ਾ ਲੈਂਦਿਆਂ ਲਾਸ਼ ਨੂੰ ਪੋਸਟਮਾਰਟਮ ਲਈ ਪਹੁੰਚਇਆ। ਮ੍ਰਿਤਕ ਦੀ ਪਛਾਣ ਰਾਮ ਨਰੇਸ਼ ਪੁੱਤਰ ਸ਼੍ਰੀ ਰਾਮ ਵਜੋਂ ਹੋਈ ਤੇ ਉਹ ਦਰਜੀ ਸੀ। ਥਾਣਾ ਕੈਨਾਲ ਕਾਲੋਨੀ ਦੇ ਸਬ ਇੰਸਪੈਕਟਰ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਦੀ ਦੁਕਾਨ 10 ਨੰਬਰ ਗਲੀ ਪਰਸ ਰਾਮ ਨਗਰ ‘ਚ ਸੀ, ਜਦਕਿ ਰਹਿੰਦਾ ਉਹ ਥਾਣਾ ਕੈਨਾਲ ਕਾਲੋਨੀ ਵਿਚ ਸੀ। ਉਨ੍ਹਾਂ ਨੂੰ ਜਦੋਂ ਰਾਤ ਸੂਚਨਾ ਮਿਲੀ ਤਾਂ ਉਹ ਪਹੁੰਚ ਗਏ ਸਨ ਤੇ ਲਾਸ਼ ਨੂੰ ਪੋਸਟਮਾਰਟਮ ਲਈ ਸਹਾਰਾ ਵਰਕਰਾਂ ਨੇ ਸਿਵਲ ਹਸਪਤਾਲ ਪਹੁੰਚਾਇਆ।  ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਮ੍ਰਿਤਕ ਨੇ ਖੁਦਕੁਸ਼ੀ ਤੋਂ ਪਹਿਲਾਂ ਇਕ ਸੁਸਾਈਡ ਨੋਟ ਵੀ ਲਿਖਿਆ ਹੈ, ਜਿਸ ‘ਚ ਉਸ ਨੇ ਖ਼ੁਦ ਨੂੰ ਹੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਹੈ।