ਵੱਡਿਆਂ ਦੀ ਆਪਸੀ “ਸੈਟਿੰਗ“ ਦੀ ਭੇਂਟ ਚੜ੍ਹੀ ਪਿੰਡ ਕੋਟਗੁਰੂ ਦੀ ਹੱਡਾਰੋੜੀ 

ਗੈਰਜਮੀਨੇ ਲੋਕਾਂ ਨੂੰ ਪਸ਼ੂਆਂ ਦਾ ਮਾਸ ਸਮੇਟਣ ਲਈ ਕਰਨੀ ਪੈਂਦੀ ਹੈ ਜੇਬ ਹੌਲੀ, ਜੇ ਲੋਕ ਆ ਕੇ ਕਹਿਣਗੇ ਤਾਂ ਮਸਲਾ ਚੁੱਕਾਂਗੇ:ਨੌਜਵਾਨ ਸਭਾ

ਬਠਿੰਡਾ (ਸੁਰਿੰਦਰਪਾਲ ਸਿੰਘ):ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਟਗੁਰੂ ਵਿਖੇ ਅੱਜ ਤੋਂ 15 ਸਾਲ ਪਹਿਲਾਂ ਬਲਰਾਜ ਸਿੰਘ ਦੇ ਖੇਤ ਨਾਲ ਹੱਡਾਰੋੜੀ ਲੱਗਦੀ ਸੀ, ਉਦੋਂ ਉਹ ਪੰਚਾਇਤ ਮੈਂਬਰ ਵੀ ਸੀ ਤੇ ਉਸ ਨੇ ਸਰਪੰਚ ਨਾਲ ਆਪਸੀ “ਸੈਟਿੰਗ“ ਕਰਕੇ ਆਪਣੇ ਦੂਸਰੇ ਖੇਤ ਨਾਲ ਦਾ ਤਬਾਦਲਾ ਕਰਵਾ ਲਿਆ,ਹੱਡਾਰੋੜੀ ਲਈ ਜਗਾ ਦੇ ਦਿੱਤੀ। ਨਵੀਂ ਥਾਂ ਤਬਦੀਲ ਹੋਈ ਹੱਡਾ ਰੋੜੀ ਦੇ ਗੁਆਂਢੀਆਂ ਨੇ ਮੰਦਰ ਬਣਾ ਕੇ ਧਾਰਮਿਕ ਮੁੱਦਾ ਬਣਾਇਆ,ਇਸ ਕਰਕੇ ਲੋਕਾਂ ਨੂੰ ਪਸੂ ਸੁੱਟਣੇ ਔਖਾ ਹੋ ਗਏ।ਵੱਡੇ ਧਨਾਢ ਬੰਦਿਆਂ ਨੂੰ ਤਾਂ ਇਸ ਸਬੰਧੀ ਕੋਈ ਸਮੱਸਿਆ ਨਹੀਂ ਆਈ ਕਿਉਂਕਿ ਉਨ੍ਹਾਂ ਦੇ ਜਦੋਂ ਪਸੂ ਮਰ ਵੀ ਜਾਂਦੇ ਹਨ ਤਾਂ ਉਹ ਆਪਣੀਆਂ ਜ਼ਮੀਨਾਂ ਵਿੱਚ ਦੱਬ ਦਿੰਦੇ ਹਨ ਤੇ ਦੂਜੇ ਪਾਸੇ ਗੈਰਜ਼ਮੀਨੇ ਕਿਸਾਨਾਂ ਤੇ ਮਜਦੂਰਾਂ ਨੂੰ ਆਪਣੇ ਮਰੇ ਹੋਏ ਪਸੂਆਂ ਨੂੰ ਪੈਸੇ ਦੇ ਕੇ ਚੁਕਾਉਣਾ ਪੈਂਦਾ ਹੈ। ਇਸ ਕਰਕੇ ਜਿੱਥੇ ਗੈਰ ਜ਼ਮੀਨਾਂ ਵਾਲੇ ਲੋਕਾਂ ਦੇ ਪਸ਼ੂ ਮਰਨ ‘ਤੇ ਨੁਕਸਾਨ ਹੋ ਜਾਂਦਾ ਹੈ, ਉੱਥੇ ਪਸ਼ੂਆਂ ਦੀ ਮਿੱਟੀ ਸਮੇਟਣ ਲਈ ਵੀ ਉਨ੍ਹਾ ਨੂੰ ਜੇਬ ਹੌਲੀ ਕਰਨੀ ਪੈਂਦੀ ਹੈ।ਹੱਡਾਰੋੜੀ ਸਮੱਸਿਆ ਕਰਕੇ ਲੋਕ ਦਾ ਸਹਾਇਕ ਧੰਦਾ ਵੀ ਦਮ ਤੋੜਨ ਲੱਗਾ ਹੈ।ਹੱਡਾਰੋੜੀ ਚਲਾਉਣ ਸਬੰਧੀ ਸਮੂਹ ਗ੍ਰਾਮ ਪੰਚਾਇਤ ਵੱਲੋਂ ਚੁੱਪ ਵੱਟੀ ਹੋਈ ਹੈ।ਕਿਸਾਨਾਂ ਤੇ ਮਜਦੂਰਾਂ ਦੇ ਹੱਕਾਂ ਦੀ ਗੱਲ ਕਰਨ ਵਾਲੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਪਿੰਡ ਦਾ ਮਸਲਾ ਹੈ ਤੇ ਸਾਡੀ ਦਖਲਅੰਦਾਜੀ ਕਰਕੇ ਭਾਈਚਾਰਕ ਸਾਂਝ ਵਿਚ ਤਰੇੜ ਪੈ ਸਕਦੀ ਹੈ।ਇਸ ਲਈ ਸਰਕਾਰ ਨੂੰ ਹੀ ਚਾਹੀਦਾ ਹੈ ਕਿ ਲੋਕਾਂ ਦੇ ਲਈ ਹੱਡਾਰੋੜੀ ਦਾ ਪ੍ਰਬੰਧ ਕਰੇ।ਸ਼ਹੀਦ ਭਗਤ ਸਿੰਘ ਦੀ ਸੋਚ ਦੇ ਹਾਮੀ ਕਹਾਉਣ ਵਾਲੇ ਨੌਜਵਾਨ ਭਾਰਤ ਸਭਾ ਦੇ ਆਗੂ ਜਸਕਰਨ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੇਕਰ ਲੋਕ ਇਸ ਸਬੰਧੀ ਸੰਘਰਸ ਕਰਨ ਜਾਂ ਸਾਨੂੰ ਆ ਕੇ ਆਪਣੀ ਸਮੱਸਿਆ ਦੱਸਣ ਤਾਂ ਅਸੀਂ ਫਿਰ ਹੀ ਇਸ ਮਸਲੇ ਨੂੰ ਚੁੱਕਾਂਗੇ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜਦੋਂ ਅਜਿਹੀਆਂ ਜਥੇਬੰਦੀਆਂ ਵੱਲੋਂ ਲੋਕਾਂ ਕੋਲੋਂ ਫੰਡ ਇਕੱਠੇ ਕੀਤੇ ਜਾਂਦੇ ਹਨ ਤਾਂ ਉਸ ਵੇਲੇ ਲੋਕ ਕਿਹੜਾ ਆ ਕੇ ਕਹਿੰਦੇ ਹਨ ਕਿ ਸਾਡੀ ਪਰਚੀ ਕੱਟੋ।ਇਸ ਮਾਮਲੇ ਸਬੰਧੀ ਜਦੋਂ ਪਿੰਡ ਦੇ ਸਰਪੰਚ ਜਲੰਧਰ ਸਿੰਘ ਦਾ ਪੱਖ ਜਾਣਨਾ ਚਾਹਿਆ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਬਠਿੰਡਾ ਦਿਹਾਤੀ ਤੋਂ  ਪ੍ਰੋਫੈਸਰ ਰੁਪਿੰਦਰ ਕੌਰ ਰੂਬੀ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਹਮੇਸਾਂ ਦੀ ਤਰਾਂ ਫੋਨ ਨਹੀਂ ਚੁੱਕਿਆ ਤੇ ਉਨ੍ਹਾਂ ਦੇ ਪੀਏ ਨੇ ਕਿਹਾ ਕਿ ਮੈਡਮ ਮੀਟਿੰਗ ‘ਤੇ ਚੰਡੀਗੜ੍ਹ ਗਏ ਹਨ।ਇੱਥੇ ਵੀ ਗੱਲ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਠਿੰਡਾ ਦਿਹਾਤੀ ਤੋਂ ਇੰਚਾਰਜ ਅਮਿਤ ਰਤਨ ਵੱਲੋਂ ਵੀ ਗਰੀਬਾਂ ਅਤੇ ਗੈਰ ਜਮੀਨੇ ਲੋਕਾਂ ਦੇ ਪੱਖ ਵਿੱਚ ਕੋਈ ਸਟੈਂਡ ਨਹੀਂ ਲਿਆ ਜਾ ਰਿਹਾ। ਪਿੰਡ ਕੋਟਗੁਰੂ ਦੀ ਹੱਡਾਰੋੜੀ ਦਾ ਇਹ ਮਸਲਾ ਪਿਛਲੇ ਡੇਢ ਦਹਾਕੇ ਤੋਂ ਹਵਾ ਵਿੱਚ ਲਟਕ ਰਿਹਾ ਹੈ।