ਸਮਸਾਨ ਘਾਟ ਵਿਖੇ ਸੰਸਕਾਰ ਲਈ ਸੈੱਡਾਂ ਦੀ ਥਾਂ ਰਹਿ ਗਈਆਂ ਸਿਰਫ ਬੁਰਜੀਆਂ

12 ਸਾਲ ਬਾਦ ਰੂੜੀ ਦੀ ਸੁਣੀ ਜਾਂਦੀ ਹੈ ਪਰ ਬੁਰਜੀਆਂ ਨੂੰ 15 ਸਾਲ ਹੋਗੇ

ਬਠਿੰਡਾ: (ਪੰਜਾਬੀ ਸਪੈਕਟ੍ਰਮ ਸਰਵਿਸ):ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਟਗੁਰੂ ਵਿਖੇ ਡੇਢ ਦਹਾਕਾ ਪਹਿਲਾਂ ਮੀਂਹ, ਹਨੇਰੀ ਵਿੱਚ ਸੰਸਕਾਰ ਕਰਨ ਵੱਖ-ਵੱਖ ਭਾਈਚਾਰਿਆਂ ਨਾਲ ਸਬੰਧਤ ਜਰਨਲ, ਰਮਦਾਸੀਆਂ ਸਿੱਖ ਅਤੇ ਮਜਬੀ ਸਿੱਖਾਂ ਲਈ ਸੈੱਡ ਬਣਾਉਣ ਲਈ 12 ਬੁਰਜੀਆਂ ਤਾਂ ਬਣਾਈਆਂ ਗਈਆਂ ਪਰ ਸੈੱਡ ਸਿਰਫ ਜਰਨਲ ਵਾਲੀਆਂ ਬੁਰਜੀਆ ਉੱਪਰ ਹੀ ਪੈ ਸਕਿਆ। ਇਹ ਸੈੱਡ ਪਿਛਲੀ ਸਰਪੰਚ ਗੁਰਵਿੰਦਰ ਕੌਰ ਦੇ ਸਮੇਂ ਪਾਇਆ ਗਿਆ।
ਇਹ ਬੁਰਜੀਆਂ ਪਿਛਲੇ 15 ਸਾਲਾਂ ਤੋਂ ਜਿਉਂ ਦੇ ਤਿਉਂ ਖੜ੍ਹੀਆਂ ਹਨ,ਇਹਨਾਂ ਨੂੰ ਛੱਤਾਂ ਨਸੀਬ ਨਾ ਹੋਈ।ਇਹਨਾਂ ਬੁਰਜੀਆਂ ਦੀ ਟੀਨ ਵਾਲੀਆਂ ਛੱਤਾਂ ਇੱਕ ਡੇਰੇ ਵਿੱਚ ਪਈਆਂ ਹਨ।ਜਾਣਕਾਰੀ ਮੁਤਾਬਕ ਪੰਚਾਇਤ ਵੱਲੋਂ ਕਰਵਾਏ ਕੰਮਾਂ ਦੇ ਨਿਰੀਖਣ ਲਈ ਅਧਿਕਾਰੀ ਵੀ ਆਉੰਦੇ ਹਨ। ਜਨਰਲ ਲੋਕਾਂ ਦੇ ਲਈ ਤਾਂ ਸੈੱਡ ਬਣ ਗਿਆ ਪਰ ਗਰੀਬ ਲੋਕਾਂ ਨੂੰ ਖਰਾਬ ਮੌਸਮ ਅਤੇ ਹਨੇਰੀ ਵਿੱਚ ਬਾਹਰ ਹੀ ਸੰਸਕਾਰ ਕਰਨਾ ਪੈਂਦਾ ਹੈ। ਕਹਾਵਤ ਮੁਤਾਬਕ 12 ਸਾਲ ਬਾਅਦ ਤਾਂ ਰੂੜੀ ਦੀ ਸੁਣੀ ਜਾਂਦੀ ਹੈ ਪਰ ਇਨ੍ਹਾਂ ਬੁਰਜੀਆਂ ਨੂੰ 15 ਸਾਲ ਤੋਂ ਵੱਧ ਸਮਾਂ ਹੋਣ ਦੇ ਬਾਵਜੂਦ ਵੀ ਛੱਤ ਨਸੀਬ ਨਹੀੰ।ਇਸ ਸਬੰਧੀ ਜਦੋਂ ਪਿੰਡ ਕੋਟਗੁਰੂ ਦੇ ਮੌਜੂਦਾ ਸਰਪੰਚ ਜਲੰਧਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਇਹ ਤੁਸੀਂ ਮਹਿਕਮੇ ਤੋਂ ਪੁੱਛੋ।