ਸੂਏ ਚ ਡੁੱਬੇ ਨੌਜਵਾਨ ਦੀ ਦੋ ਦਿਨਾਂ ਬਾਅਦ ਲਾਸ਼ ਮਿਲੀ    

ਰਾਮਪੁਰਾ ਫੂਲ  (ਗੁਰਪ੍ਰੀਤ ਖੋਖਰ): ਦੋ ਦਿਨ ਪਹਿਲਾਂ ਸੂਏ ਚ ਨਹਾਉਣ ਗਿਆ ਨੌਜਵਾਨ ਪਾਣੀ ਦੇ ਤੇਜ ਵਹਾਅ ਕਾਰਨ ਸੂਏ ਵਿਚ ਰੁੜ ਗਿਆ ਸੀ ਤੇ ਉਸ ਦੀ ਭਾਲ ਲਗਾਤਾਰ ਜਾਰੀ ਸੀ। 46 ਘੰਟਿਆਂ ਦੀ ਭਾਰੀ ਮੁਸ਼ੱਕਤ ਕਰਨ ਤੋਂ ਬਾਅਦ ਲਾਸ਼ ਰਾਮਪੁਰਾ ਫੂਲ ਤੋਂ ਕੋਟਲਾ ਬ੍ਰਾਚ ਚੋਂ ਨਹਿਰੀ ਕੋਠੀ ਦੇ ਨਜਦੀਕ ਪੁਲ ਕੋਲੋ ਮਿਲ ਗਈ ਹੈ।
ਜਿਕਰਯੋਗ ਹੈ ਕਿ ਰਾਮਪੁਰਾ ਫੂਲ ਦਾ ਰਹਿਣ ਵਾਲਾ ਮੋਹਿਤ ਮੰਗਲਾ ਉਰਫ ਹਨੀ ਪੁੱਤਰ ਰਾਕੇਸ ਮੰਗਲਾ ਐਤਵਾਰ ਨੂੰ ਦੁਪਹਿਰ ਸਮੇ ਸੂਏ ਚ ਆਪਣੇ ਦੋਸਤਾਂ ਸਮੇਤ ਨਹਾਉਣ ਲਈ ਗਿਆ ਸੀ ਜੋ ਕਿ ਪਾਣੀ ਦੇ ਤੇਜ ਵਹਾਅ ਕਾਰਨ ਆਪਣਾ ਸੰਤੁਲਨ ਖੋ ਬੈਠਾ ਅਤੇ ਪਾਣੀ ਦੇ ਵਹਾਅ ਚ ਹੀ ਰੁੜ ਗਿਆ। ਘਟਨਾ ਦਾ ਪਤਾ ਲੱਗਦਿਆ ਹੀ ਸ਼ਹਿਰ ਦੀਆਂ ਸੰਸਥਾਵਾਂ ਦੇ ਗੋਤਾਖੋਰਾਂ ਅਤੇ ਤੈਰਾਕਾਂ ਵੱਲੋਂ ਪਿਛਲੇ ਦੋ ਦਿਨਾਂ ਤੋਂ ਨੌਜਵਾਨ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ। ਸਹਾਰਾ ਕਲੱਬ ਦੇ ਪ੍ਰਧਾਨ ਸੰਦੀਪ ਵਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੇਰੇ ਤਕਰੀਬਨ 11 ਵਜੇ ਸਹਾਰਾ ਕੰਟਰੋਲ ਰੂਮ ਨੂੰ ਸੂਚਨਾ ਮਿਲੀ ਕਿ ਉੱਕਤ ਦੀ ਲਾਸ਼ ਮਿਲ ਗਈ। ਸੰਸਥਾਂ ਦੀ ਐਬੂਲੈਂਸ ਰਾਹੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੋਰਚਰੀ ਰੂਮ ਵਿਚ ਪੋਸਟਮਾਰਟਮ ਲਈ ਰੱਖ ਦਿੱਤਾ ਹੈ। ਤਫਸੀਸੀ ਅਧਿਕਾਰੀ ਜਗਤਾਰ ਸਿੰਘ ਨੇ ਦੱਸਿਆ ਕਿ ਰੋਹਿਤ ਮੰਗਲਾ ਦੇ ਬਿਆਨਾ ਤੇ 174 ਦੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਪੋਸਟਮਾਰਟਮ ਕਰਨ ਉੱਪਰੰਤ ਲਾਸ਼ ਨੂੰ ਵਾਰਸਾ ਵਾਲੇ ਕਰ ਦਿੱਤਾ ਗਿਆ।