ਕਲੋਰੀਨ ਗੈਸ ਲੀਕ ਹੋਣ ਕਾਰਨ 30 ਤੋਂ ਵੱਧ ਲੋਕ ਹਸਪਤਾਲ ਭਰਤੀ

ਐੱਸ .ਏ. ਐੱਸ ਨਗਰ,  (ਪੰਜਾਬੀ ਸਪੈਕਟ੍ਰਮ ਸਰਵਿਸ):  ਐਤਵਾਰ ਦੀ ਦੇਰ ਰਾਤ ਮੋਹਾਲੀ ਦੇ ਬਲੌਂਗੀ ਪਿੰਡ ਵਿਚ ਪਾਣੀ ਵਾਲੀ ਟੈਂਕੀ ਕੋਲੋਂ ਕਲੋਰੀਨ ਗੈਸ ਲੀਕ ਹੋਣ ਕਾਰਨ 30 ਤੋਂ ਵੱਧ ਲੋਕਾਂ ਨੂੰ ਮੋਹਾਲੀ ਦੇ ਹਸਪਤਾਲ ਵਿਚ ਭਰਤੀ ਕਰਵਾਉਣਾ ਪਿਆ। ਘਟਨਾ ਰਾਤ 11 ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਸੀਨੀਅਰ ਅਫ਼ਸਰ ਅਤੇ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਪੁੱਜੀਆਂ। ਸੂਤਰਾਂ ਅਨੁਸਾਰ ਫਾਇਰ ਬਿ੍ਰਗੇਡ ਵਿਭਾਗ ਦੇ ਦੋ ਕਰਮਚਾਰੀਆਂ ਨੂੰ ਵੀ ਹਸਪਤਾਲ ਲੈ ਕੇ ਜਾਣਾ ਪਿਆ। ਬਲੌਂਗੀ ਖੇਤਰ ਵਿਚ ਵਾਟਰ ਵਰਕਸ ਨੇੜੇ ਰਹਿਣ ਵਾਲੇ ਲੋਕ ਉਸ ਸਮੇਂ ਸਹਿਮ ਗਏ ਜਦੋਂ ਉਨ੍ਹਾਂ ਨੂੰ ਸਾਹ ਲੈਣ ਵਿਚ ਤਕਲੀਫ਼ ਮਹਿਸੂਸ ਹੋਈ। ਸਿਹਤ ਵਿਭਾਗ ਅਧਿਕਾਰੀਆਂ ਅਨੁਸਾਰ 32 ਲੋਕ ਹਸਪਤਾਲ ਆਏ ਜਿਨ੍ਹਾਂ ਵਿਚੋਂ 15 ਦੀ ਮੁੱਢਲੀ ਸਹਾਇਤਾ ਦੇ ਕੇ ਛੁੱਟੀ ਕਰ ਦਿਤੀ ਗਈ। ਕੇਵਲ ਦੋ ਤਿੰਨ ਲੋਕਾਂ ਨੂੰ ਹੀ ਆਕਸੀਜਨ ਲਗਾਉਣੀ ਪਈ। ਅਧਿਕਾਰੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਿਲੰਡਰ 10 ਕਿਲੋ ਦਾ ਸੀ।  ਜੇਸੀਬੀ ਰਾਹੀਂ ਸਿਲੰਡਰ ਨੂੰ ਸ਼ਿਫ਼ਟ ਕੀਤੇ ਜਾਣ ਦੇ ਯਤਨ ਕੀਤੇ ਗਏ। ਬੇਕਿੰਗ ਸੋਢੇ ਦਾ ਛਿੜਕਾਅ ਕੀਤਾ ਗਿਆ ਤੇ ਐਨਡੀਆਰਐਫ ਟੀਮ ਤੋਂ ਵੀ ਮਦਦ ਲਈ ਗਈ। ਨਜ਼ਦੀਕੀ ਖੇਤਰ ਨੂੰ ਖਾਲੀ ਕਰਵਾ ਲਿਆ ਗਿਆ ਹੈ।