ਗੁਰਦੁਆਰਾ ਸਾਹਿਬਾਨ ‘ਚ ਪ੍ਰਸਾਦ ਤੇ ਲੰਗਰ ਨਿਰੰਤਰ ਜਾਰੀ ਰਹੇਗਾ : ਐੱਸ.ਜੀ.ਪੀ.ਸੀ

ਚੰਡੀਗੜ੍ਹ, 8 ਜੂਨ (ਪੰਜਾਬੀ ਸਪੈਕਟ੍ਰਮ ਸਰਵਿਸ)- ਐੱਸ.ਜੀ.ਪੀ.ਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਗਿਆ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਸਾਲਾਨਾ ਇਜਲਾਸ ਨਹੀਂ ਹੋ ਪਾਇਆ ਸੀ ਇਸ ਲਈ 3 ਮਹੀਨਿਆਂ ਦੇ ਖਰਚੇ ਦੇ ਲਈ ਫ਼ੰਡ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 100 ਸਾਲਾ ਸਥਾਪਨਾ ਦਿਵਸ ਆ ਰਿਹਾ ਹੈ ਜੋ ਕਿ 15 ਨਵੰਬਰ 2020 ਨੂੰ ਮਨਾਇਆ ਜਾਵੇਗਾ। ਸ੍ਰੀ ਅਕਾਲ ਤਖਤ ਸਾਹਿਬ ਅੰਮਿ੍ਰਤਸਰ ਦੇ ਮੰਜੀ ਸਾਹਿਬ ਦੀਵਾਨ ਮੁੱਖ ਸਮਾਗਮ ਹੋਣਗੇ। ਇਸ ਦੇ ਨਾਲ ਹੀ ਭਾਈ ਲੌਂਗੋਵਾਲ ਨੇ ਸਪਸ਼ਟ ਕਰ ਦਿੱਤਾ ਕਿ ਗੁਰਦੁਆਰਾ ਸਾਹਿਬਾਨ ‘ਚ ਪ੍ਰਸਾਦ ਤੇ ਲੰਗਰ ਨਿਰੰਤਰ ਜਾਰੀ ਰਹੇਗਾ। ਲੌਂਗੋਵਾਲ ਨੇ ਕਿਹਾ ਲੰਗਰ ਤੇ ਪੰਗਤ ਗੁਰੂ ਘਰ ਦੀ ਮਰਯਾਦਾ ਹੈ ਤੇ ਇਸ ‘ਤੇ ਕਾਇਮ ਰਿਹਾ ਜਾਵੇਗਾ। ਉਨ੍ਹਾਂ ਇਸ ਬਾਬਤ ਸਰਕਾਰ ਨੂੰ ਚਿੱਠੀ ਵੀ ਲਿਖ ਦਿੱਤੀ ਹੈ। ਦਰਅਸਲ ਸਰਕਾਰ ਵੱਲੋਂ ਜਾਰੀ ਹਦਾਇਤਾਂ ਮੁਤਾਬਿਕ ਗੁਰਦੁਆਰਿਆਂ ‘ਚ ਲੰਗਰ ਤੇ ਪ੍ਰਸਾਦਿ ‘ਤੇ ਰੋਕ ਰਹੇਗੀ।