ਜੰਗਲਾਤ ਮੰਤਰੀ ਵੱਲੋਂ ਸੜਕੀ ਪ੍ਰਾਜੈਕਟਾਂ ਸਬੰਧੀ ਕਾਰਜਾਂ ‘ਚ ਤੇਜੀ ਲਿਆਉਣ ਦੇ ਆਦੇਸ਼

ਕੌਮੀ ਸ਼ਾਹਰਾਹ ਅਥਾਰਟੀ ਅਤੇ ਲੋਕ ਨਿਰਮਾਣ ਵਿਭਾਗ ਦੇ ਪ੍ਰਾਜੈਕਟਾਂ ਸਬੰਧੀ ਕੀਤੀ ਰੀਵਿਊ ਮੀਟਿੰਗ

ਚੰਡੀਗੜ, (ਪੰਜਾਬੀ ਸਪੈਕਟ੍ਰਮ ਸਰਵਿਸ) ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਸੂਬੇ ਅੰਦਰ ਚਲ ਰਹੇ ਸੜਕੀ ਪ੍ਰਾਜੈਕਟਾਂ ਸਬੰਧੀ ਕਾਰਜਾਂ ‘ਚ ਤੇਜੀ ਲਿਆਉਣ ਅਤੇ ਕਾਰਜ ਨਿਰਧਾਰਤ ਸਮੇਂ-ਸੀਮਾ ਅੰਦਰ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਹਨ। ਉਨਾਂ ਇਹ ਪ੍ਰਗਟਾਵਾ ਅੱਜ ਇੱਥੇ ਸਕੱਤਰੇਤ ਵਿਖੇ ਜੰਗਲਾਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਕੌਮੀ ਸ਼ਾਹਰਾਹ ਅਥਾਰਟੀ ਅਤੇ ਲੋਕ ਨਿਰਮਾਣ ਵਿਭਾਗ ਦੇ ਪ੍ਰਾਜੈਕਟਾਂ ਸਬੰਧੀ ਕੀਤੀ ਰੀਵਿਊ ਮੀਟਿੰਗ ਦੌਰਾਨ ਕੀਤਾ। ਸ. ਧਰਮਸੋਤ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਰੁੱਖਾਂ ਨੂੰ ਛੇਤੀ ਕੱਟਣ ਦੀ ਜ਼ਰੂਰਤ ਵਾਲੇ ਪ੍ਰਾਜੈਕਟਾਂ ਦੇ ਮਾਮਲੇ ‘ਚ ਰੁੱਖਾਂ ਕਟਾਈ ਅਤੇ ਵੇਚਣ ਸਬੰਧੀ ਵੱਖਰੀ ਤਜਵੀਜ ਤਿਆਰ ਕਰਨ ਲਈ ਵੀ ਕਿਹਾ। ਉਨਾਂ ਨੇ ਅਧਿਕਾਰੀਆਂ ਨੂੰ ਵੱਖ-ਵੱਖ ਪ੍ਰਾਜੈਕਟਾਂ ਤਹਿਤ ਕੱਟੇ ਜਾਣ ਵਾਲੇ ਰੁੱਖਾਂ ਨੂੰ ਵੇਚਣ ਅਤੇ ਰੁੱਖਾਂ ਦੀ ਰਾਖਵੀਂ ਕੀਮਤ ਨਿਰਧਾਰਤ ਕਰਨ ਸਬੰਧੀ ਹਰਿਆਣਾ, ਹਿਮਾਚਲ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਜੰਮੂ ਕਸ਼ਮੀਰ ਦੀਆਂ ਕੀਮਤਾਂ ਦੇ ਅੰਕੜੇ ਇਕੱਤਰ ਕਰਨ ਦੇ ਆਦੇਸ਼ ਵੀ ਦਿੱਤੇ। ਸ. ਧਰਮਸੋਤ ਨੇ ਦੱਸਿਆ ਕਿ ਪੰਜਾਬ ‘ਚ ਕੌਮੀ ਸ਼ਾਹਰਾਹ ਅਥਾਰਟੀ ਦੇ ਪੰਜ ਸੜਕੀ ਪ੍ਰਾਜੈਕਟ ਪ੍ਰਗਤੀ ਅਧੀਨ ਹਨ, ਜਿਨਾਂ ਵਿੱਚ ਅੰਮਿ੍ਰਤਸਰ ਤੋਂ ਖੇਮਕਰਨ, ਰਾਮਸਰ ਤੋਂ ਡੇਰਾ ਬਾਬਾ ਨਾਨਕ, ਡੇਰਾ ਬਾਬਾ ਨਾਨਕ ਤੋਂ ਭਾਰਤ-ਪਾਕਿਸਤਾਨ ਸਰਹੱਦੀ ਕਾਰੀਡੋਰ, ਤਲਵੰਡੀ ਭਾਈ ਤੋਂ ਫਿਰੋਜਪੁਰ ਅਤੇ ਲੁਧਿਆਣਾ-ਤਲਵੰਡੀ ਮਾਰਗ ਆਦਿ ਸ਼ਾਮਲ ਹਨ। ਉਨਾਂ ਦੱਸਿਆ ਕਿ ਇਨਾਂ ਪ੍ਰਾਜੈਕਟਾਂ ਅਧੀਨ ਕੁੱਲ 23, 682 ਵਿੱਚੋਂ 20,038 ਰੁੱਖਾਂ ਦੀ ਕਟਾਈ ਹੋ ਚੁੱਕੀ ਹੈ ਜਦਕਿ ਬਾਕੀ 3,644 ਰੁੱਖਾਂ ਦੀ ਕਟਾਈ ਵੀ ਜਲਦ ਮੁਕੰਮਲ ਹੋ ਜਾਵੇਗੀ।