ਝੋਨੇ ਦੀ ਲਵਾਈ ਲਈ ਕਿਸਾਨਾਂ ਨੇ ਖੁਦ ਸੰਭਾਲੀ ਕਮਾਨ, ਕੈਪਟਨ ਕਹਿੰਦੇ ਕੋਈ ਔਖ ਨਹੀਂ

ਮੁੱਖ ਮੰਤਰੀ ਮੁਤਾਬਕ ਅੱਠ ਲੱਖ ਮਜ਼ਦੂਰ ਫਿਲਹਾਲ ਪੰਜਾਬ ‘ਚ ਹੀ ਹਨ। ਉਨ੍ਹਾਂ ਦਾ ਕਹਿਣਾ ਕਿ ਸੂਬੇ ‘ਚ ਸਥਾਨਕ ਮਜ਼ਦੂਰ ਵੀ ਹਨ। ਅਜਿਹੇ ‘ਚ ਕਿਸਾਨੀ ਤੇ ਉਦਯੋਗਕ ਇਕਾਈਆਂ ਨੂੰ ਕੋਈ ਸਮੱਸਿਆ ਨਹੀਂ ਆਵੇਗੀ।

ਪੰਜਾਬ ‘ਚ ਦੋ ਦਿਨ ਬਾਅਦ ਝੋਨੇ ਦੀ ਬਿਜਾਈ ਸ਼ੁਰੂ ਹੋਣ ਜਾ ਰਹੀ ਹੈ ਪਰ ਮਜ਼ਦੂਰਾਂ ਦੀ ਕਮੀ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਜਿਉਂ ਦੀਆਂ ਤਿਉਂ ਹਨ। ਕੋਰੋਨਾ ਮਹਾਮਾਰੀ ਕਾਰਨ ਲੱਗੇ ਲੌਕਡਾਊਨ ਦੌਰਾਨ ਲੱਖਾਂ ਮਜ਼ਦੂਰ ਆਪਣੇ ਪਿੱਤਰੀ ਰਾਜਾਂ ਨੂੰ ਪਰਤ ਗਏ। ਹੁਣ ਕਿਸਾਨ ਪੈਸਾ ਖਰਚ ਕੇ ਮਜ਼ਦੂਰ ਲਿਆ ਰਹੇ ਹਨ ਤੇ ਉਨ੍ਹਾਂ ਨੂੰ ਮੂੰਹ ਮੰਗੀ ਕੀਮਤ ਵੀ ਦੇਣੀ ਪੈ ਰਹੀ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁਤਾਬਕ ਪੰਜਾਬ ‘ਚੋਂ 13 ਲੱਖ ਪਰਵਾਸੀ ਮਜ਼ਦੂਰਾਂ ‘ਚੋਂ ਪੰਜ ਲੱਖ ਤੋਂ ਘੱਟ ਮਜ਼ਦੂਰ ਹੀ ਆਪਣੇ ਗ੍ਰਹਿ ਸੂਬਿਆਂ ਨੂੰ ਪਰਤੇ ਹਨ। ਯਾਨਿ ਕਿ ਮੁੱਖ ਮੰਤਰੀ ਮੁਤਾਬਕ ਅੱਠ ਲੱਖ ਮਜ਼ਦੂਰ ਫਿਲਹਾਲ ਪੰਜਾਬ ‘ਚ ਹੀ ਹਨ। ਉਨ੍ਹਾਂ ਦਾ ਕਹਿਣਾ ਕਿ ਸੂਬੇ ‘ਚ ਸਥਾਨਕ ਮਜ਼ਦੂਰ ਵੀ ਹਨ। ਅਜਿਹੇ ‘ਚ ਕਿਸਾਨੀ ਤੇ ਉਦਯੋਗਕ ਇਕਾਈਆਂ ਨੂੰ ਕੋਈ ਸਮੱਸਿਆ ਨਹੀਂ ਆਵੇਗੀ।

ਇਹ ਵੀ ਸੱਚ ਹੈ ਕਿ ਵੱਡੀ ਗਿਣਤੀ ਮਜ਼ਦੂਰ ਵਾਪਸ ਪਰਤਣਾ ਚਾਹੁੰਦੇ ਹਨ। ਅਜਿਹੇ ‘ਚ ਕਈ ਕਿਸਾਨ ਤੇ ਉਦਯੋਗਪਤੀ ਖੁਦ ਉਨ੍ਹਾਂ ਨੂੰ ਵਾਪਸ ਲਿਆਉਣ ਦੇ ਪ੍ਰਬੰਧ ਕਰ ਰਹੇ ਹਨ। ਕਈ ਮਜ਼ਦੂਰਾਂ ਨੂੰ ਉਨ੍ਹਾਂ ਦੇ ਪਿੰਡਾਂ ਤੋਂ ਲਿਆਉਣ ਲਈ ਕਈ ਜ਼ਿਲ੍ਹਿਆਂ ਦੇ ਕਈ ਕਿਸਾਨਾਂ ਨੇ ਮਿਲ ਕੇ ਅਜਿਹੀਆਂ ਬੱਸਾਂ ਤੇ ਟੈਂਪੂਆਂ ਦਾ ਪ੍ਰਬੰਧ ਕੀਤਾ ਹੈ।

ਇਹ ਮਜ਼ਦੂਰ ਆਪਣੇ ਮੂੰਹ ਮੰਗੇ ਰੇਟ ‘ਤੇ ਆਉਣ ਲਈ ਤਿਆਰ ਹੋਏ ਹਨ। ਜਿੱਥੇ 2019 ‘ਚ ਝੋਨੇ ਦੀ ਲਵਾਈ ਦਾ ਰੇਟ 2500 ਤੋਂ 3000 ਰੁਪਏ ਪ੍ਰਤੀ ਏਕੜ ਚੱਲਦਾ ਸੀ ਉੱਥੇ ਹੀ ਹੁਣ ਇਹ ਰੇਟ 5000 ਤੋਂ 5500 ਰੁਪਏ ਪ੍ਰਤੀ ਏਕੜ ਮੰਗੇ ਜਾ ਰਹੇ ਹਨ।

ਕਿਸਾਨਾਂ ਮੁਤਾਬਕ ਮਜ਼ਦੂਰਾਂ ਨਾਲ ਗੱਲ ਪੱਕੀ ਕਰਕੇ ਉਨ੍ਹਾਂ ਨੂੰ ਉੱਥੋਂ ਲਿਆਉਣ ‘ਤੇ ਛੱਡਣ ਦੀ ਸ਼ਰਤ ਤੇ ਉਹ ਆਉਣ ਲਈ ਰਾਜ਼ੀ ਹੋਏ ਹਨ। ਕਿਸਾਨਾਂ ਨੂੰ ਔਖੇ ਹੋ ਕੇ ਆਪਣੇ ਖਰਚ ‘ਤੇ ਮਜ਼ਦੂਰ ਮੰਗਵਾਉਣੇ ਪੈ ਰਹੇ ਹਨ ਤੇ ਦੂਜਾ ਮੂੰਹ ਮੰਗੀ ਕੀਮਤ ਦੇਣੀ ਪਏਗੀ ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦਾਅਵਾ ਕਰ ਰਹੇ ਹਨ ਕਿ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਵੇਗੀ।