ਡੀਜੀਪੀ ਵੱਲੋਂ ਕੋਵਿਡ -19 ਸਬੰਧੀ ਸਥਿਤੀ ਦਾ ਜਾਇਜ਼ਾ ਲੈਣ ਲਈ ਲੁਧਿਆਣਾ ਦਾ ਦੌਰਾ, ਪੁਲਿਸ ਪ੍ਰਬੰਧਾਂ ਦਾ ਵੀ ਲਿਆ ਜਾਇਜ਼ਾ

ਚੰਡੀਗੜ੍ਹ, (ਪੰਜਾਬੀ ਸਪੈਕਟ੍ਰਮ ਸਰਵਿਸ) ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਐਤਵਾਰ ਨੂੰ ਜ਼ਿਲ੍ਹੇ ਦੀ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣ ਲਈ ਲੁਧਿਆਣਾ ਕਮਿਸ਼ਨਰੇਟ ਦਾ ਦੌਰਾ ਕੀਤਾ ਅਤੇ ਕੋਵਿਡ -19 ਮਹਾਮਾਰੀ ਨਾਲ ਨਜਿੱਠਣ ਲਈ ਪੁਲਿਸ ਵੱਲੋਂ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਡੀਜੀਪੀ ਨੇ ਪੰਜਾਬ ਦੇ ਪਹਿਲੇ ਪੁਲਿਸ ਕੋਰੋਨਾ ਸ਼ਹੀਦ ਏਸੀਪੀ ਅਨਿਲ ਕੋਹਲੀ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ, ਜੋ ਕੋਰੋਨਾ ਵਿਰੁੱਧ ਜੰਗ ਵਿੱਚ ਮੋਹਰਲੀ ਕਤਾਰ ਵਿੱਚ ਕੰਮ ਕਰਦਿਆਂ 18 ਅਪ੍ਰੈਲ ਨੂੰ ਸ਼ਹੀਦ ਹੋ ਗਏ ਸਨ। ਡੀਜੀਪੀ ਕੋਹਲੀ ਦੇ ਭੋਗ ਸਮਾਗਮ ਵਿਚ ਸ਼ਾਮਲ ਹੋਏ ਅਤੇ ਦੁਖੀ ਪਰਿਵਾਰ ਨਾਲ ਡੂੰਘੇ ਦੁੱਖ ਅਤੇ ਏਕਤਾ ਦਾ ਪ੍ਰਗਟਾਵਾ ਕੀਤਾ। ਉਹਨਾਂ ਨੇ ਅਨਿਲ ਕੋਹਲੀ ਦੇ ਪੁੱਤਰ ਪਾਰਸ ਕੋਹਲੀ ਨੂੰ ਨਿਯੁਕਤੀ ਪੱਤਰ ਅਤੇ ਉਹਨਾਂ ਦੀ ਪਤਨੀ ਪਲਕ ਕੋਹਲੀ ਨੂੰ ਵਿੱਤੀ ਸਹਾਇਤਾ ਲਈ ਚੈੱਕ ਵੀ ਸੌਂਪਿਆ। ਸੂਬੇ ਵਿੱਚ ਫੈਲੇ ਕੋਵਿਡ -19  ਕਾਰਨ ਭੋਗ ਵਿੱਚ ਸ਼ਰੀਕ ਨਾ ਹੋਣ ਕਰਕੇ ਸੂਬੇ ਭਰ ਤੋਂ 20,000 ਤੋਂ ਵੱਧ ਲੋਕ ਅਤੇ ਪੁਲਿਸ ਅਧਿਕਾਰੀ ਇੰਟਰਨੈਟ ‘ਤੇ ਸਿੱਧੇ ਪ੍ਰਸਾਰਣ ਰਾਹੀਂ ਭੋਗ ਸਮਾਰੋਹ ਵਿੱਚ ਸ਼ਾਮਲ ਹੋਏ।ਇਨ੍ਹਾਂ ਵਿੱਚ ਏਡੀਜੀਪੀਜ਼, ਆਈਜੀ/ਡੀਆਈਜੀ ਅਤੇ ਸੂਬੇ ਦੇ ਸਾਰੇ ਐਸਐਸਪੀ ਸ਼ਾਮਲ ਸਨ।ਇਸ ਤੋਂ ਪਹਿਲਾਂ ਪੁਲਿਸ ਲਾਈਨਜ਼,  ਲੁਧਿਆਣਾ ਵਿਖੇ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਗੁਪਤਾ ਨੇ ਮੌਜੂਦਾ ਸਥਿਤੀ ਅਤੇ ਕੋਵਿਡ ਦਿਸ਼ਾ ਨਿਰਦੇਸ਼ਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਚੁੱਕੇ ਗਏ ਕਦਮਾਂ ਦਾ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਨੂੰ ਕਰਫਿਊ ਅਤੇ ਕੋਵਿਡ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਨ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ।