ਨਵਾਂਸ਼ਹਿਰ ‘ਚ ਕੋਰੋਨਾ ਦੀ ਚੇਨ ਟੁੱਟੀ, ਹੁਣ ਮੋਹਾਲੀ ਤੇ ਜਲੰਧਰ ‘ਤੇ ਸਰਕਾਰ ਦੀ ਅੱਖ

ਜਲੰਧਰ/ਮੋਹਾਲੀ/ਚੰਡੀਗੜ੍ਹ (ਧਵਨ, ਪਰਦੀਪ, ਨਿਆਮੀਆਂ , ਸ਼ਰਮਾ) : ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕੋਰੋਨਾ ਵਾਇਰਸ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਜੰਗੀ ਪੱਧਰ ‘ਤੇ ਕੰਮ ਕਰ ਰਹੀ ਹੈ ਅਤੇ ਪੰਜਾਬ ਨੂੰ ਕੋਵਿਡ-19 ਖਿਲਾਫ ਚੱਲ ਰਹੀ ਜੰਗ ਵਿਚ ਮਿਸਾਲ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮਾਮਲਿਆਂ ਦੀ ਗਿਣਤੀ ਦੇ ਆਧਾਰ ‘ਤੇ ਭਾਰਤ|ਸਰਕਾਰ ਵੱਲੋਂ ਪੰਜਾਬ ਦੇ 4 ਜ਼ਿਲਿਆਂ ਨੂੰ ਅਤਿ ਸੰਵੇਦਨਸ਼ੀਲ (ਹਾਟਸਪਾਟ) ਐਲਾਨ ਕੀਤਾ ਗਿਆ ਹੈ, ਜਿਨ੍ਹਾਂ ‘ਚ ਮੋਹਾਲੀ, ਐੱਸ. ਬੀ. ਐੱਸ. ਨਗਰ, ਜਲੰਧਰ ਅਤੇ ਪਠਾਨਕੋਟ ਸ਼ਾਮਲ ਹਨ। ਇਹ ਉਹ ਜ਼ਿਲੇ ਹਨ ਜਿੱਥੇ 15 ਤੋਂ ਵੱਧ ਕੋਰੋਨਾ ਵਾਇਰਸ ਦੇ ਕੇਸ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਹੁਣ ਦੂਜੇ ਪੜਾਅ ਵਿਚ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕਰਨ ਲਈ ਸਿਹਤ ਵਿਭਾਗ ਪੂਰੀ ਤਰਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੇ ਸੰਪਰਕ ਵਿਚ ਆਉਣ ਵਾਲੇ ਆਦਮੀਆਂ ਦੀ ਪਛਾਣ ਕਰਨ ਲਈ ਜੰਗੀ ਪੱਧਰ ‘ਤੇ ਕੰਮ ਚੱਲ ਰਿਹਾ ਹੈ ਤਾਂ ਜੋ ਇਸ ਰੋਗ ਨੂੰ ਹੋਰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ।

ਉਨ੍ਹਾਂ ਕਿਹਾ ਕਿ ਸਾਡੇ ਕੋਲ ਐੱਸ. ਬੀ. ਐੱਸ. ਨਗਰ ਦੀ ਬਿਹਤਰ ਮਿਸਾਲ ਮੌਜੂਦ ਹੈ, ਜਿੱਥੇ ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਦੀ ਚੇਨ ਨੂੰ ਤੋੜਨ ‘ਚ ਸਫਲਤਾ ਹਾਸਲ ਕੀਤੀ ਹੈ ਅਤੇ 26 ਮਾਰਚ ਤੋਂ ਰੋਗੀਆਂ ਦੀ ਗਿਣਤੀ 19 ‘ਤੇ ਹੀ ਰੋਕ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੋਹਾਲੀ ਅਤੇ ਜਲੰਧਰ ‘ਤੇ ਖਾਸ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ ਕਿਉਂਕਿ ਇਨ੍ਹਾਂ ਦੋਵਾਂ ਥਾਵਾਂ ‘ਤੇ ਕੋਰੋਨਾ ਵਾਇਰਸ ਦੇ ਕੇਸ ਸਭ ਤੋਂ ਜ਼ਿਆਦਾ ਆਏ ਹਨ। ਪ੍ਰਭਾਵਿਤ ਰੋਗੀਆਂ ਦੇ ਸੰਪਰਕ ‘ਚ ਆਏ ਵਿਅਕਤੀਆਂ ਦੇ ਸੈਂਪਲ ਲੈਣ ਤੋਂ ਇਲਾਵਾ ਇਨ੍ਹਾਂ ਦੋਵਾਂ ਜ਼ਿਲਿਆਂ ਟੈਸਟਿੰਗ ਦੀ ਪਰਿਕ੍ਰਿਆ ‘ਚ ਵੀ ਤੇਜ਼ੀ ਲਿਆਂਦੀ ਗਈ ਹੈ ਅਤੇ ਇਨ੍ਹਾਂ ਦੋਵਾਂ ਜ਼ਿਲਿਆਂ ਨੂੰ 1000 ਰੈਪਿਡ ਟੈਸਟ ਕਿੱਟਾਂ ਦਿੱਤੀਆਂ ਗਈਆਂ ਹਨ ਤਾਂ ਜੋ ਟੈਸਟ ਕਰਕੇ ਉਨ੍ਹਾਂ ਦੇ ਨਤੀਜੇ ਤੁਰੰਤ ਸਾਹਮਣੇ ਆ ਸਕਣ। ਕੈਬਨਿਟ ਮੰਤਰੀ ਸਿੱਧੂ ਨੇ ਕਿਹਾ ਕਿ ਬੀਮਾਰ ਰੋਗੀਆਂ ਨੂੰ ਪੂਰੀਆਂ ਸਿਹਤ ਸਹੂਲਤਾਂ ਉਪਲੱਬਧ ਕਰਵਾਈਆਂ ਗਈਆਂ ਹਨ ਅਤੇ ਮੌਤ ਦਰ ਨੂੰ ਕਾਬੂ ਕਰਨ ਲਈ ਮਾਹਿਰਾਂ ਦੀ ਇਕ ਕਮੇਟੀ ਬਣਾਈ ਗਈ ਹੈ, ਜੋ ਰੋਗੀਆਂ ਦਾ ਇਲਾਜ ਕਰ ਰਹੇ ਡਾਕਟਰਾਂ ਨੂੰ ਪ੍ਰਬੰਧਾਂ ਸਬੰਧੀ ਫੈਸਲੇ ਲੈਣ ‘ਚ ਸਹਿਯੋਗ ਦੇਵੇਗੀ।

ਕੋਰੋਨਾ ਵਾਇਰਸ ਦੇ ਰੋਗੀਆਂ ਨੂੰ ਆਧੁਨਿਕ ਇਲਾਜ ਸੇਵਾਵਾਂ ਉਪਲੱਬਧ ਕਰਵਾਉਣ ਲਈ ਮਾਹਿਰ ਡਾਕਟਰਾਂ ਨਾਲ ਲਗਾਤਾਰ ਆਨਲਾਈਨ ਵਿਚਾਰ ਕੀਤਾ ਜਾ ਰਿਹਾ ਹੈ। ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਸਿੱਧੂ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ 186 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ 5193 ਆਦਮੀਆਂ ਦੇ ਟੈਸਟ ਕੀਤੇ ਗਏ ਹਨ ਜਿਨ੍ਹਾਂ ‘ਚੋਂ 4404 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ ਅਤੇ 29 ਵਿਅਕਤੀ ਪੂਰੀ ਤਰ੍ਹਾਂ ਤੰਦਰੁਸਤ ਹੋਏ ਹਨ। ਕੋਰੋਨਾ ਦੇ ਜ਼ਿਆਦਾਤਰ ਮਾਮਲੇ ਵਿਦੇਸ਼ੀ ਯਾਤਰਾ ਨਾਲ ਸਬੰਧਤ ਹਨ ਜਾਂ ਉਨ੍ਹਾਂ ਦੇ ਸੰਪਰਕ ‘ਚ ਆਉਣ ਵਾਲੇ ਲੋਕਾਂ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਸ਼ੱਕੀ ਰੋਗੀਆਂ ਦੀ ਪਛਾਣ ਕਰਨ ਲਈ ਸਿਹਤ ਵਿਭਾਗ ਦੀਆਂ ਟੀਮਾਂ ਪ੍ਰਭਾਵਿਤ ਇਲਾਕਿਆਂ ‘ਚ ਜਾ ਕੇ ਘਰ-ਘਰ ਸਕਰੀਨਿੰਗ ਕਰ ਰਹੀਆਂ ਹਨ। ਸਿਹਤ ਵਿਭਾਗ ਵੱਲੋਂ ਇਸ ਕੰਮ ‘ਚ ਪੁਲਸ ਦਾ ਸਹਿਯੋਗ ਵੀ ਲਿਆ ਗਿਆ ਹੈ ਅਤੇ ਪੁਲਸ ਦੀ ਮਦਦ ਨਾਲ ਅਤਿ ਸੰਵੇਦਨਸ਼ੀਲ ਇਲਾਕਿਆਂ ਨੂੰ ਜਾਂਦੀਆਂ ਸੜਕਾਂ, ਆਮ ਰਸਤਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਕਰੋਨਾ ਵਾਇਰਸ ਦੇ ਫੈਲਾਅ ਦੀ ਲੜੀ ਨੂੰ ਤੋੜਣ ਲਈ ਕਰਫਿਊ ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋਕ ਪ੍ਰਭਾਵਿਤ ਰੋਗੀਆਂ ਦੀ ਮਦਦ ਕਰਨਾ ਚਾਹੁੰਦੇ ਹਨ ਤਾਂ ਘਰਾਂ ‘ਚ ਰਹਿਣ ਅਤੇ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨ।