ਪੰਜਾਬ ਦੇ ਟੈਸਟਿੰਗ ਅੰਕੜੇ ਕੌਮੀ ਔਸਤ ਨਾਲੋਂ ਜ਼ਿਆਦਾ, ਸੂਬੇ ਵਿੱਚ ਹੁਣ ਤੱਕ ਕੋਵਿਡ-19 ਦੇ 41849 ਟੈਸਟ ਕੀਤੇ ਗਏ : ਬਲਬੀਰ ਸਿੰਘ ਸਿੱਧੂ

ਚੰਡੀਗੜ੍ਹ, 13 ਮਈ (ਪੰਜਾਬੀ ਸਪੈਕਟ੍ਰਮ ਸਰਵਿਸ) ਪੰਜਾਬ ਵਿੱਚ 13 ਮਈ, 2020 ਤੱਕ ਕੋਵਿਡ-19 ਦੇ 41849 ਟੈਸਟ ਕੀਤੇ ਜਾ ਚੁੱਕੇ ਹਨ। ਪੰਜਾਬ ਵਿੱਚ ਟੈਸਟਾਂ ਦੀ ਸੰਖਿਆ ਵਿੱਚ ਵਾਧਾ ਕੀਤਾ ਗਿਆ ਹੈ ਅਤੇ 1392 ਟੈਸਟ ਪ੍ਰਤੀ ਦਿਨ ਪ੍ਰਤੀ ਮੀਲੀਅਨ ਕੀਤੇ ਗਏ ਹਨ। ਇਹ ਕੌਮੀ ਔਸਤ ਦੇ ਪ੍ਰਤੀ ਦਿਨ ਪ੍ਰਤੀ ਮਿਲੀਅਨ 1243 ਟੈਸਟਾਂ ਤੋਂ ਜ਼ਿਆਦਾ ਹੈ।ਇਹ ਜਾਣਕਾਰੀ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੇ ਜਾਰੀ ਇੱਕ ਪੈ੍ਰਸ ਬਿਆਨ ਵਿੱਚ ਦਿੱਤੀ।ਉਨ੍ਹਾਂ ਦੱਸਿਆ ਕਿ ਪੰਜਾਬ ਵੱਲੋਂ  ਸੂਬੇ ਵਿੱਚ ਟੈਸਟਿੰਗ ਲਈ ਪ੍ਰਭਾਵਸ਼ਾਲੀ ਪਹੁੰਚ ਅਪਣਾਈ ਗਈ ਹੈ। ਸੂਬੇ ਨੇ ਆਪਣੀ ਟੈਸਟਿੰਗ ਰਣਨੀਤੀ ਤਿਆਰ ਕੀਤੀ ਹੈ।
ਇਹ ਰਣਨੀਤੀ ਸੈਂਟਰ ਫਾਰ ਪਾਲਿਸੀ ਰਿਸਰਚ, ਨਵੀਂ ਦਿੱਲੀ ਅਤੇ ਜੋਹਨਸ ਹੋਪਕਿਨਸ ਯੂਨੀਵਰਸਿਟੀ, ਯੂਐਸਏ ਦੇ ਮੈਡੀਕਲ ਮਾਹਿਰਾਂ ਦੇ ਸੁਝਾਵਾਂ ਅਨੁਸਾਰ ਤਿਆਰ ਕੀਤੀ ਗਈ ਹੈ। ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ  ਪੰਜਾਬ ਨੇ ਲੈਬਾਂ ਦੀ ਸਮਰੱਥਾ ਵਿੱਚ ਵਾਧਾ ਕਰਕੇ ਆਪਣੀ ਟੈਸਟਿੰਗ ਦਰ  ਵਿੱਚ ਤੇਜ਼ੀ ਨਾਲ ਵਾਧਾ ਕੀਤਾ ਹੈ। ਪੰਜਾਬ ਵਿੱਚ 2 ਮਈ 2020 ਤੱਕ 20,000 ਸੈਂਪਲ ਲਏ ਗਏ ਸਨ। ਇਸ ਨੂੰ ਅੱਗੇ ਵਧਾਉਂਦਿਆਂ ਰਾਜ ਵਿੱਚ ਅਗਲੇ 10,000 ਟੈਸਟ ਸਿਰਫ਼ 5 ਦਿਨਾਂ ਵਿੱਚ ਕੀਤੇ ਗਏ ਅਤੇ 7 ਮਈ ਤੱਕ 30,000 ਟੈਸਟ ਕੀਤੇ ਜਾ ਚੁੱਕੇ ਸਨ। ਕੋਵਿਡ-19 ਦੇ ਸ਼ੱਕੀ ਕੇਸਾਂ ਦੇ ਟੈਸਟ ਕਰਨ ਲਈ ਸੂਬਾ ਵੱਲੋਂ ਆਪਣੀਆਂ ਸਰਕਾਰੀ ਮੈਡੀਕਲ ਕਾਲਜ ਦੀਆਂ ਲੈਬਾਂ ਦਾ ਪੂਰੀ ਸਮਰੱਥਾ ਨਾਲ ਇਸਤੇਮਾਲ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸੂਬੇ ਦੀ ਟੈਸਟਿੰਗ ਸਮਰੱਥਾ ਨੂੰ ਵਧਾਉਣ ਲਈ ਭਾਰਤ ਸਰਕਾਰ ਦੀਆਂ ਸੰਸਥਾਵਾਂ ਜਿਵੇਂ ਕਿ ਆਈ.ਐਮ. ਟੈੱਕ ਚੰਡੀਗੜ੍ਹ ਅਤੇ ਪੀਜੀਆਈ ਚੰਡੀਗੜ੍ਹ ਦੇ ਨਾਲ ਨਾਲ ਕੁਝ ਆਈਸੀਐਮਆਰ ਤੋਂ ਮੰਜੂਰੀ ਪ੍ਰਾਪਤ ਲੈਬਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।