ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰੋਮੋਸ਼ਨ ਅਤੇ ਸੀ.ਆਈ.ਜੀ. ਨੇ ਪੰਜਾਬ ਵਿਚ ਨਿਵੇਸ਼ ਨੂੰ ਹੁਲਾਰਾ ਦੇਣ ਲਈ ਸਹਿਮਤੀ ਸਮਝੌਤਾ ਕੀਤਾ ਸਹੀਬੱਧ

ਚੰਡੀਗੜ, (ਪੰਜਾਬੀ ਸਪੈਕਟ੍ਰਮ ਸਰਵਿਸ) ਸੂਬੇ ਵਿੱਚ ਨੂੰ ਨਿਵੇਸ਼ ਨੂੰ ਹੋਰ ਉਤਸ਼ਾਹਤ ਕਰਨ ਅਤੇ ਪ੍ਰਬੰਧਨ ਸਬੰਧੀ ਰਣਨੀਤੀਆਂ ਨੂੰ ਪੁਖ਼ਤਾ ਬਣਾਉਣ ਲਈ, ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ (ਪੀਬੀਆਈਪੀ) ਅਤੇ ਸਿੰਗਾਪੁਰ ਸਥਿਤ ਚਾਂਡਲਰ ਇੰਸਟੀਚਿਊਟ ਆਫ ਗਵਰਨੈਂਸ (ਸੀਆਈਜੀ) ਨੇ ਸ਼ੁੱਕਰਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਇੱਕ ਸਹਿਮਤੀ ਸਮਝੌਤੇ ਤੇ ਦਸਤਖਤ ਕੀਤੇ। ਪੰਜਾਬ ਸਰਕਾਰ ਵੱਲੋਂ ਨਿਵੇਸ਼ ਪੰਜਾਬ ਦੇ ਸੀ.ਈ.ਓ. ਰਜਤ ਅਗਰਵਾਲ ਅਤੇ ਸੀ.ਆਈ.ਜੀ. ਦੇ ਕਾਰਜਕਾਰੀ ਨਿਰਦੇਸ਼ਕ ਵੂਈ ਵੇ ਨੇਗ ਨੇ ਇਹ ਸਮਝੌਤਾ ਸਹੀਬੱਧ ਕੀਤਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਸੀ.ਆਈ.ਜੀ. ਵਿਚਕਾਰ ਇਹ ਸਮਝੌਤਾ ਭਾਈਵਾਲੀ ਲਈ ਇਕ ਅਹਿਮ ਮੀਲ ਪੱਥਰ ਸਾਬਤ ਹੋਵੇਗਾ ਅਤੇ ਰਾਜ ਦੇ ਵੱਖ-ਵੱਖ ਖੇਤਰਾਂ ਵਿਚ ਨਿਵੇਸ਼ਾਂ ਨੂੰ ਯਕੀਨੀ ਬਣਾਉਣ ਦੀ ਰਫ਼ਤਾਰ ਨੂੰ ਹੋਰ ਤੇਜ਼ ਕਰਨ ਲਈ ਦੋਵੇਂ ਧਿਰਾਂ ਵਿਚ ਵਿਆਪਕ ਸੂਝ ਬੂਝ ਪੈਦਾ ਕਰੇਗਾ। ਉਨ੍ਹਾਂ ਦੱਸਿਆ ਕਿ ਇਹ ਸਮਝੌਤਾ ਪਿਛਲੇ ਮਹੀਨਿਆਂ ਦੌਰਾਨ ਸੀਆਈਜੀ ਅਤੇ ਪੀਬੀਆਈਪੀ ਦੀ ਸੀਨੀਅਰ ਲੀਡਰਸ਼ਿਪ ਦਰਮਿਆਨ ਹੋਏ ਵਿਚਾਰ ਵਟਾਂਦਰੇ ਰਾਹੀਂ ਸਾਂਝੇ ਤੌਰ ਤੇ ਵਿਕਸਤ ਕੀਤੇ ਭਾਈਵਾਲੀ ਦੇ ਖੇਤਰਾਂ ਦੀ ਰੂਪ ਰੇਖਾ ਉਲੀਕਣ ਉਪਰੰਤ ਕੀਤਾ ਗਿਆ।ਇਸ ਸਮਝੌਤੇ ਤਹਿਤ, ਪੀਬੀਆਈਪੀ ਅਤੇ ਸੀਆਈਜੀ ਖੋਜ ਸਹਾਇਤਾ ਸਮੇਤ ਨਿਵੇਸ਼ਕਾਂ ਦੀ ਪਹੁੰਚ ਦੀਆਂ ਪ੍ਰਕਿਰਿਆਵਾਂ ਨੂੰ ਵਧਾਉਣ, ਨਿਵੇਸ਼ ਦੀ ਸਹੂਲਤ ਅਤੇ ਰੈਗੂਲੇਟਰੀ ਪ੍ਰਵਾਨਗੀਆਂ ; ਨਿਵੇਸ਼ ਪੰਜਾਬ ਦੇ ਅਧਿਕਾਰੀਆਂ ਲਈ ਪ੍ਰਤਿਭਾ ਅਤੇ ਹੁਨਰ ਵਿਕਾਸ; ਅਤੇ ਪੰਜਾਬ ਨੂੰ ਨਿਵੇਸ਼ ਲਈ ਇੱਕ ਆਦਰਸ਼ ਥਾਂ ਵਜੋਂ ਪੇਸ਼ ਕਰਨ ਦੇ ਖੇਤਰਾਂ ਤੇ ਧਿਆਨ ਕੇਂਦਰਤ ਕਰਨਗੇ।