ਪੰਜਾਬ ਸਰਕਾਰ ਵਲੋਂ ਗਲਘੋਟੂ ਸਮੇਤ ਪਸ਼ੂਆਂ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਸਾਰੇ ਟੀਕੇ ਮੁਫ਼ਤ ਲਾਉਣ ਦਾ ਫ਼ੈਸਲਾ

ਚੰਡੀਗੜ੍ਹ, 16 ਮਈ (ਪੰਜਾਬੀ ਸਪੈਕਟ੍ਰਮ ਸਰਵਿਸ): ਪੰਜਾਬ ਦੇ ਤਕਰੀਬਨ 11 ਲੱਖ ਪਸ਼ੂ ਪਾਲਕਾਂ ਨੂੰ ਵੱਡੀ ਰਾਹਤ ਦੇਣ ਲਈ ਇੱਕ ਅਹਿਮ ਕਦਮ ਚੁਕਦਿਆਂ, ਪੰਜਾਬ ਸਰਕਾਰ ਨੇ ਅੱਜ ਫੈਸਲਾ ਕੀਤਾ ਹੈ ਕਿ ਪਸ਼ੂਆਂ ਨੂੰ ਗਲਘੋਟੂ, ਸਵਾਈਨ ਬੁਖ਼ਾਰ ਅਤੇ ਪੱਟਸੋਜ਼ ਵਰਗੀਆਂ ਗੰਭੀਰ ਬੀਮਾਰੀਆਂ ਤੋਂ ਬਚਾਉਣ ਲਈ ਟੀਕੇ ਮੁਫ਼ਤ ਲਾਏ ਜਾਣਗੇ। ਸੂਬਾ ਸਰਕਾਰ ਦੇ ਇਸ ਫੈਸਲੇ ਨਾਲ ਪੰਜਾਬ ਵਿਚ ਹੁਣ ਪਸ਼ੂਆਂ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਲਾਏ ਜਾਂਦੇ ਸਾਰੇ ਟੀਕੇ ਮੁਫ਼ਤ ਹੋ ਜਾਣਗੇ। ਸੂਬੇ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਿਭਾਗ ਨੇ ਇਹ ਫ਼ੈਸਲਾ ਕਰੋਨਾ ਮਹਾਂਮਾਰੀ ਨਾਲ ਹੋਏ ਨੁਕਸਾਨ ਕਾਰਨ ਪਸ਼ੂ ਪਾਲਕਾਂ ਨੂੰ ਕੁਝ ਰਾਹਤ ਦੇਣ ਲਈ ਕੀਤਾ ਹੈ। ਉਹਨਾਂ ਕਿਹਾ ਕਿ ਇਕੱਲੀ ਗਲਘੋਟੂ ਬੀਮਾਰੀ ਦੇ ਬਚਾਅ ਦਾ ਟੀਕਾ ਲਵਾਉਣ ਲਈ ਪਸ਼ੂ ਪਾਲਕਾਂ ਨੂੰ ਹਰ ਵਰ੍ਹੇ ਤਕਰੀਬਨ ਸਵਾ ਤਿੰਨ ਕਰੋੜ ਰੁਪਏ ਦਾ ਖ਼ਰਚ ਕਰਨਾ ਪੈਂਦਾ ਸੀ ਜੋ ਹੁਣ ਬਿਲਕੁਲ ਮੁਫ਼ਤ ਲਾਇਆ ਜਾਵੇਗਾ। ਸੂਬੇ ਵਿਚ ਇਹ ਟੀਕਾ ਹਰ ਵਰ੍ਹੇ ਤਕਰੀਬਨ 65 ਲੱਖ ਪਸ਼ੂਆਂ ਨੂੰ ਲਾਇਆ ਜਾਂਦਾ ਹੈ। ਸ਼੍ਰੀ ਬਾਜਵਾ ਨੇ ਦਸਿਆ ਕਿ ਗਲਘੋਟੂ ਤੋਂ ਬਿਨਾਂ ਪੰਜਾਬ ਸਰਕਾਰ ਨੇ ਸਵਾਈਨ ਬੁਖ਼ਾਰ ਅਤੇ ਪੱਟ ਸੋਜ਼ ਬੀਮਾਰੀਆਂ ਦੇ ਬਚਾਅ ਲਈ ਲਾਏ ਜਾਣ ਵਾਲੇ ਟੀਕੇ ਵੀ ਮੁਫ਼ਤ ਲਾਉਣ ਦਾ ਫੈਸਲਾ ਕੀਤਾ ਹੈ।