ਪੰਜਾਬ ਸਰਕਾਰ ਵੱਲੋਂ ਵਿਦੇਸ਼ਾਂ ਤੋਂ ਵਾਪਸ ਆ ਰਹੇ ਪੰਜਾਬੀਆਂ/ਐਨ.ਆਰ.ਆਈਜ਼ ਦੀ ਸਹੂਲਤ ਲਈ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸੁਵਿਧਾ ਕੇਂਦਰ ਸਥਾਪਤ

ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਨੂੰ ਵਾਪਸ ਆ ਰਹੇ ਲੋਕਾਂ ਨੂੰ ਆਪੋ-ਆਪਣੇ ਜ਼ਿਲ੍ਹਿਆਂ ਤੱਕ ਪਹੁੰਚਾਉਣ ਲਈ ਬਿਹਤਰ ਤਾਲਮੇਲ ਅਤੇ ਅਗਲੇਰੇ ਸਫ਼ਰ ਨੂੰ ਯਕੀਨੀ ਬਣਾਉਣ ਲਈ ਆਖਿਆ

ਚੰਡੀਗੜ੍ਹ, (ਪੰਜਾਬੀ ਸਪੈਕਟ੍ਰਮ ਸਰਵਿਸ) ਪੰਜਾਬ ਸਰਕਾਰ ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ, ਨਵੀਂ ਦਿੱਲੀ ਵਿਖੇ ਸੁਵਿਧਾ ਕੇਂਦਰ ਸਥਾਪਤ ਕੀਤਾ ਹੈ ਜਿਸ ਨਾਲ ਵਿਸ਼ੇਸ਼ ਉਡਾਨਾਂ ਰਾਹੀਂ ਵਿਦੇਸ਼ਾਂ ਤੋਂ ਵਾਪਸ ਆ ਰਹੇ ਪੰਜਾਬੀਆਂ ਨੂੰ ਸੂਬੇ ਵਿੱਚ ਉਨ੍ਹਾਂ ਦੇ ਸਬੰਧਤ ਜ਼ਿਲ੍ਹਿਆਂ ’ਚ ਭੇਜਣ ਲਈ ਮਦਦ ਕੀਤੀ ਜਾਵੇਗੀ ਜਿੱਥੇ ਉਨ੍ਹਾਂ ਨੂੰ ਸੰਸਥਾਗਤ ਏਕਾਂਤਵਾਸ ਵਿੱਚ ਰਹਿਣਾ ਪਵੇਗਾ। ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਸੁਵਿਧਾ ਕੇਂਦਰ ਵਿਖੇ ਆਵਾਜਾਈ ਦੀ ਸਹੂਲਤ ਦਾ ਬੰਦੋਬਸਤ ਕੀਤਾ ਗਿਆ ਤਾਂ ਕਿ ਵਿਦੇਸ਼ਾਂ ’ਚ ਫਸੇ ਐਨ.ਆਰ.ਆਈਜ਼ ਅਤੇ ਪੰਜਾਬੀਆਂ ਦੀ ਉਨ੍ਹਾਂ ਦੇ ਗ੍ਰਹਿ ਜ਼ਿਲ੍ਹਿਆਂ ਵਿੱਚ ਸੁਖਾਲੀ ਵਾਪਸੀ ਨੂੰ ਯਕੀਨੀ ਬਣਾਇਆ ਜਾ ਸਕੇ ਜਿੱਥੇ ਉਨ੍ਹਾਂ ਨੂੰ 14 ਦਿਨਾਂ ਲਈ ਏਕਾਂਤਵਾਸ ਵਿੱਚ ਰਹਿਣ ਰੁਕਣਾ ਪਵੇਗਾ ਅਤੇ ਕੋਵਿਡ ਲਈ ਟੈਸਟ ਵੀ ਲਿਆ ਜਾਵੇਗਾ। ਜਿਨ੍ਹਾਂ ਵਿਅਕਤੀਆਂ ਦੇ ਟੈਸਟ ਨੈਗੇਟਿਵ ਪਾਏ ਜਾਣਗੇ, ਉਨ੍ਹਾਂ ਨੂੰ ਦੋ ਹੋਰ ਹਫਤਿਆਂ ਦੇ ਸਵੈ-ਏਕਾਂਤਵਾਸ ਲਈ ਘਰ ਭੇਜ ਦਿੱਤਾ ਜਾਵੇਗਾ ਜਦਕਿ ਪਾਜ਼ੇਟਿਵ ਪਾਏ ਜਾਣ ਵਾਲਿਆਂ ਨੂੰ ਦੇਖਭਾਲ/ਇਲਾਜ ਲਈ ਏਕਾਂਤਵਾਸ ਕੇਂਦਰਾਂ ਵਿੱਚ ਭੇਜ ਜਾਵੇਗਾ।ਮੁੱਖ ਮੰਤਰੀ ਨੇ ਦੱਸਿਆ ਕਿ ‘ਵੰਦੇ ਮਾਤਰਮ ਮਿਸ਼ਨ’ ਤਹਿਤ 20,000 ਪੰਜਾਬੀਆਂ ਅਤੇ ਐਨ.ਆਰ.ਆਈਜ਼ ਦੀ ਘਰ ਵਾਪਸੀ ਦੀ ਉਮੀਦ ਹੈ ਅਤੇ ਇਨ੍ਹਾਂ ਵਿੱਚ ਬਹੁਤੇ ਉਡਾਨਾਂ ਰਾਹੀਂ ਨਵੀਂ ਦਿੱਲੀ ਪਹੁੰਚ ਰਹੇ ਹਨ। ਉਨ੍ਹਾਂ ਦੱਸਿਆ ਕਿ ਹਵਾਈ ਅੱਡੇ ’ਤੇ ਸਥਾਪਤ ਕੀਤਾ ਸੁਵਿਧਾ ਕੇਂਦਰ ਬਿਨਾਂ ਕਿਸੇ ਹਫੜਾ-ਦਫੜੀ ਜਾਂ ਦੁਬਿਧਾ ਤੋਂ ਬਿਹਤਰ ਤਾਲਮੇਲ ਯਕੀਨੀ ਬਣਾਏਗਾ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚੋਂ ਪੰਜਾਬ ਵਿੱਚ ਆਪਣੀਆਂ ਜੱਦੀ ਥਾਵਾਂ ‘ਤੇ ਵਾਪਸ ਆਉਣ ਲਈ ਰਜਿਸਟ੍ਰੇਸ਼ਨ ਕਰਵਾਉਣ ਵਾਲਿਆਂ ਦੀ ਸੁਰੱਖਿਅਤ ਵਾਪਸੀ ਲਈ ਵੱਖ-ਵੱਖ ਮੁਲਕਾਂ ਵਿੱਚ ਕੋਆਰਡੀਨੇਟਰ ਉਸੇ ਤਰਜ਼ ‘ਤੇ ਨਿਯੁਕਤ ਕੀਤੇ ਗਏ ਹਨ, ਜਿਸ ਤਰ੍ਹਾਂ ਉਨ੍ਹਾਂ ਦੀ ਸਰਕਾਰ ਵੱਲੋਂ ਵਿਸ਼ੇਸ਼ ਸ਼੍ਰਮਿਕ ਰੇਲਾਂ ਰਾਹੀਂ ਪਰਵਾਸੀ ਕਿਰਤੀਆਂ ਦੇ ਆਉਣ-ਜਾਣ ਦੀ ਸਹੂਲਤ ਲਈ ਨੋਡਲ ਅਫਸਰ ਨਿਯੁਕਤ ਕੀਤੇ ਗਏ ਹਨ।