ਮਾਜਰਾ ਵਿਖੇ ਗਰੀਬ ਪਰਿਵਾਰ ‘ਤੇ ਨਸ਼ਾ ਤਸਕਰ ਵੱਲੋਂ ਹਮਲਾ

ਮੁੱਲਾਂਪੁਰ ਗਰੀਬਦਾਸ, (ਪੰਜਾਬੀ ਸਪੈਕਟ੍ਰਮ ਸਰਵਿਸ): – ਪਿੰਡ ਮਾਜਰਾ ਵਿਖੇ ਨਸ਼ਾ ਤਸਕਰਾਂ ਵੱਲੋਂ ਇੱਕ ਗਰੀਬ ਪਰਿਵਾਰ ‘ਤੇ ਹਮਲਾ ਕਰਕੇ ਘਰ ਦੀ ਤੋੜ ਭੰਨ ਕੀਤੀ ਅਤੇ ਇੱਕ ਨੌਜਵਾਨ ‘ਤੇ ਗੱਡੀ ਚੜਾ ਕੇ ਲੱਤ ਤੋੜ ਦਿੱਤੀ। ਜ਼ਖਮੀ ਨੌਜਵਾਨ ਦਲਜੀਤ ਸਿੰਘ ਨੇ ਦੱਸਿਆ ਕਿ ਗ਼ਰੀਬ ਪਰਿਵਾਰ ਨਾਲ ਸਬੰਧਿਤ ਹੋਣ ਕਾਰਨ ਉਸ ਦਾ ਭਰਾ ਮਾਣਕਪੁਰ ਸ਼ਰੀਫ਼ ਦੇ ਇੱਕ ਪਰਿਵਾਰ ਕੋਲ ਖੇਤੀ ਦੇ ਕੰਮ ਲਈ ਨੌਕਰੀ ਕਰਦਾ ਸੀ ਅਤੇ ਬਾਅਦ ‘ਚ ਉਸ ਦੇ ਥਾਂ ਮੈਂ ਕੰਮ ਕਰਨ ਲੱਗ ਪਿਆ।
ਪੀੜਤ ਅਨੁਸਾਰ ਨਸਾ ਤਸਕਰੀ ਮਾਮਲੇ ਵਿੱਚ ਮੇਰੇ ਵੱਲੋਂ ਸਹਾਇਤਾ ਤੋਂ ਨਾਂਹ ਕਰਨ ਕਾਰਨ ਤੈਸ਼ ‘ਚ ਆ ਕੇ ਪਰਮਵੀਰ ਸਿੰਘ ਪੰਮਾ ਨੇ ਹੋਰ ਬੰਦਿਆਂ ਨਾਲ ਤੜਕਸਾਰ ਉਨ੍ਹਾਂ ਦੇ ਘਰ ਤੇ ਹਮਲਾ ਕਰ ਕੇ ਘਰ ਦੇ ਸਮਾਨ ਦੀ ਤੋੜ ਭੰਨ ਕੀਤੀ ਅਤੇ ਉਸ ਦੀ ਮਾਤਾ ਦੀ ਵੀ ਕੁੱਟਮਾਰ ਕੀਤੀ ਉਸ ਤੋਂ ਬਾਅਦ ਵੀ ਬਿਨਾਂ ਕਿਸੇ ਡਰ ਤੋਂ ਦੁਪਹਿਰ ਸਮੇਂ ਗੱਡੀ ਉਨ੍ਹਾਂ ਦੇ ਘਰ ਵਿੱਚ ਹੀ ਲਿਆ ਮਾਰੀ ਅਤੇ ਸਿੱਧੀ ਗੱਡੀ ਉਸ ਉੱਤੇ ਚੜ੍ਹਾ ਦਿੱਤੀ। ਜਿਸ ਕਾਰਨ ਉਸ ਦੀ ਲੱਤ ਟੁੱਟ ਗਈ।
ਇਸ ਦੌਰਾਨ ਗੱਡੀ ਦਾ ਨੰਬਰ ਸਮੇਤ ਬੰਪਰ ਵੀ ਟੁੱਟ ਕੇ ਡਿਗ ਗਿਆ ਅਤੇ ਪਿੰਡ ਵਾਸੀਆਂ ਦੇ ਇਕੱਤਰ ਹੋਣ ਤੇ ਹਮਲਾਵਰ ਭੱਜ ਗਏ। ਇਸ ਬਾਰੇ ਪਿੰਡ ਦੇ ਸਰਪੰਚ ਗੁਰਵਿੰਦਰ ਸਿੰਘ ਵੱਲੋਂ ਥਾਣਾ ਮੁੱਲਾਂਪੁਰ ਵਿਖੇ ਸ਼ਿਕਾਇਤ ਦਿੱਤੀ ਗਈ। ਇਸ ਮਾਮਲੇ ਸਬੰਧੀ ਪੁਲਿਸ ਜਾਂਚ ਅਧਿਕਾਰੀ ਗੁਰਨਾਮ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਪਰਮਵੀਰ ਸਿੰਘ ਪੰਮਾ ਨੂੰ ਗਿ੍ਰਫ਼ਤਾਰ ਕਰ ਕੇ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਦੇ ਦੋ ਸਾਥੀ ਅਜੇ ਫ਼ਰਾਰ ਹਨ। ਕਥਿਤ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।