ਮੁਲਜ਼ਮਾਂ ਨੂੰ ਫੜਨ ਗਈ ਪੁਲਸ ਪਾਰਟੀ ‘ਤੇ ਫਾਈਰਿੰਗ, 4 ਜਣੇ ਹਥਿਆਰਾਂ ਸਮੇਤ ਕਾਬੂ

ਮੋਹਾਲੀ : ਫੇਜ਼-9 ਮੋਹਾਲੀ ‘ਚ ਦੋਧੀ ‘ਤੇ ਗੋਲੀ ਚਲਾਉਣ ਵਾਲੇ ਚਾਰ ਵਿਅਕਤੀਆਂ ਨੂੰ ਮੋਹਾਲੀ ਪੁਲਸ ਨੇ ਪੰਚਕੂਲਾ ਦੇ ਪਿੰਡ ਬਿੱਲਾ ‘ਚ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਹਾਲਾਂਕਿ ਮੁਲਜ਼ਮਾਂ ਨੇ ਬਚਣ ਲਈ ਪੁਲਸ ‘ਤੇ ਫਾਇਰਿੰਗ ਕਰ ਦਿੱਤੀ ਹੈ। ਇਸ ਵਿਚ ਪੁਲਸ ਦਾ ਜਵਾਨ ਵੀ ਜ਼ਖ਼ਮੀ ਹੋ ਗਿਆ, ਜਿਸ ਨੂੰ ਗੰਭੀਰ ਹਾਲਤ ‘ਚ ਸੈਕਟਰ-32 ਜੀ. ਐੱਮ. ਸੀ. ਐੱਚ. ‘ਚ ਦਾਖਲ ਕਰਵਾਇਆ ਗਿਆ ਹੈ। ਫੜੇ ਗਏ ਸਾਰੇ ਮੁਲਜ਼ਮ ਭੁੱਪੀ ਰਾਣਾ ਗੈਂਗ ਨਾਲ ਸਬੰਧਤ ਦੱਸੇ ਜਾ ਰਹੇ ਹਨ। ਪੁਲਸ ਨੇ ਸਾਰਿਆਂ ਨੂੰ ਥਾਣਾ ਚੰਡੀਮੰਦਰ ਦੇ ਹਵਾਲੇ ਕਰ ਦਿੱਤਾ। ਮੁਲਜ਼ਮਾਂ ‘ਤੇ ਚੰਡੀਮੰਦਰ ਥਾਣੇ ਵਿਚ ਆਈ. ਪੀ. ਸੀ. ਦੀ ਧਾਰਾ-186, 188, 332, 353, 307 ਅਤੇ 34 ਆਈ. ਪੀ. ਸੀ. ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਗੁਪਤ ਸੂਚਨਾ ਮਿਲਣ ‘ਤੇ ਮਾਰਿਆ ਛਾਪਾ
ਜਾਣਕਾਰੀ ਮੁਤਾਬਕ ਕਰੀਬ ਡੇਢ ਮਹੀਨਾ ਪਹਿਲਾਂ ਫੇਜ਼-9 ‘ਚ ਦੁੱਧ ਪਾਉਣ ਆਏ ਇਕ ਦੋਧੀ ‘ਤੇ 3 ਮਾਰਚ ਨੂੰ ਸਵੇਰੇ ਬਾਈਕ ਸਵਾਰਾਂ ਨੇ ਗੋਲੀਵਾਰੀ ਕਰ ਦਿੱਤੀ ਸੀ। ਇਸ ‘ਚ ਮੁਲਜ਼ਮ ਕੈਮਰੇ ‘ਚ ਕੈਦ ਹੋ ਗਏ ‌ਸਨ। ਇਸ ਤੋਂ ਬਾਅਦ ਪੁਲਸ ਨੇ ਮੁਲਜ਼ਮ ਸਿਮਰਨਜੀਤ ਸਿੰਘ ਸਿੰਮੂ ‘ਤੇ ਹੱਤਿਆ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਸੀ। ਇਸ ਵਿਚ ਕੋਰੋਨਾ ਮਹਾਮਾਰੀ ਦੇ ਚਲਦੇ ਲਾਕਡਾਊਨ ਲੱਗ ਗਿਆ ਸੀ। ਅਜਿਹੇ ‘ਚ ਪੁਲਸ ਪੂਰੀ ਤਰ੍ਹਾਂ ਸ਼ਾਂਤ ਹੋ ਗਈ ਸੀ। ਇਸ ‘ਚ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਪੰਚਕੂਲਾ ਦੀ ਚੌਂਕੀ ਰਾਮਗੜ੍ਹ ਦੇ ਪਿੰਡ ਬਿੱਲਾ ‘ਚ ਇਕ ਘਰ ਵਿਚ ਲੁਕੇ ਹੋਏ ਹਨ। ਸੂਚਨਾ ਤੋਂ ਬਾਅਦ ਥਾਣਾ ਫੇਜ਼-8 ਦੀ ਪੁਲਸ ਪੂਰੀ ਪਲਾਨਿੰਗ ਨਾਲ ਪੰਚਕੂਲਾ ਪੁਲਸ ਪਹੁੰਚੀ। ਉੱਥੇ ਦੀ ਚੰਡੀਮੰਦਰ ਪੁਲਸ ਨੂੰ ਸੂਚਿਤ ਕਰ ਕੇ ਆਪ੍ਰੇਸ਼ਨ ਨੂੰ ਅੰਜਾਮ ਦੇਣ ਲਈ ਅੱਗੇ ਵਧੀ। ਇਸ ਆਪ੍ਰੇਸ਼ਨ ਦੀ ਅਗਵਾਈ ਫੇਜ਼-8 ਮੋਹਾਲੀ ਥਾਣੇ ਦੇ ਐੱਸ. ਐੱਚ. ਓ. ਰਨਜੀਸ਼ ਚੌਧਰੀ ਕਰ ਰਹੇ ਸਨ। ਅਜਿਹੇ ‘ਚ ਹੌਲਦਾਰ ਰਸ਼ਪ੍ਰੀਤ ਸਿੰਘ ਨੂੰ ਟੀਮ ਦੇ ਨਾਲ ਘਰ ਦੀ ਬੈਕ ਸਾਈਡ ਵਿਚ ਤਾਇਨਾਤ ਕੀਤਾ ਗਿਆ ਸੀ । ਇਸ ਤੋਂ ਬਾਅਦ ਐੱਸ. ਐੱਚ. ਓ. ਰਜਨੀਸ਼ ਚੌਧਰੀ ਸਾਥੀ ਪੁਲਸ ਮੁਲਾਜ਼ਮਾਂ ਨੂੰ ਨਾਲ ਲੈ ਕੇ ਮੁੱਖ ਦਰਵਾਜੇ ‘ਤੇ ਗਏ।

ਐੱਸ. ਐੱਚ. ਓ. ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਦਰਵਾਜਾ ਖੜਕਾਇਆ ਤਾਂ ਅੰਦਰ ਤੋਂ ਉਨ੍ਹਾਂ ਨੂੰ ਹਲਚਲ ਸੁਣਾਈ ਦਿੱਤੀ। ਹਾਲਾਂਕਿ ਦਰਵਜਾ ਅੰਦਰ ਤੋਂ ਬੰਦ ਸੀ । ਇਸ ਤੋਂ ਬਾਅਦ ਪੁਲਸ ਦੀ ਟੀਮ ਦਰਵਾਜਾ ਤੋੜ ਕੇ ਘਰ ‘ਚ ਦਾਖਲ ਹੋਈ। ਇਸ ਦੌਰਾਨ ਮੁਲਜ਼ਮਾਂ ‘ਚੋਂ ਇਕ ਨੇ ਉਨ੍ਹਾਂ ‘ਤੇ ਗੋਲੀ ਚਲਾ ਦਿੱਤੀ। ਗੋਲੀ ਉਨ੍ਹਾਂ ਦੇ ਸਾਈਡ ਤੋਂ ਨਿਕਲ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਸਾਥੀ ਪੁਲਸ ਮੁਲ‌ਾਜ਼ਮਾਂ ਦੀ ਮਦਦ ਨਾਲ ਗੋਲੀ ਚਲਾਉਣ ਵਾਲੇ ਅਤੇ ਉਸ ਦੇ ਇਕ ਹੋਰ ਸਾਥੀ ਨੂੰ ਪਿਸਤੌਲ ਸਮੇਤ ਕਾਬੂ ਕਰ ਲਿਆ। ਜਦੋਂ ਕਿ ਦੋ ਮੁਲਜ਼ਮ ਉਥੋਂ ਭੱਜ ਨਿਕਲੇ। ਉਹ ਤੁਰੰਤ ਪੌੜੀਆਂ ਚੜ੍ਹਕੇ ਮਕਾਨ ਦੀ ਛੱਤ ‘ਤੇ ਪਹੁੰਚ ਗਏ। ਇਸ ਵਿਚ ਉਨ੍ਹਾਂ ਨੂੰ ਗੋਲੀ ਚਲਾਉਣ ਦੀ ਆਵਾਜ਼ ਸੁਣਾਈ ਦਿੱਤੀ। ਜਦੋਂ ਉਹ ਛੱਤ ‘ਤੇ ਗਏ ਤਾਂ ਉਨ੍ਹਾਂ ਨੇ ਵੇਖਿਆ ਕਿ ਹੌਲਦਾਰ ਰਛਪ੍ਰੀਤ ਦੀ ਲੱਤ ਤੋਂ ਬਹੁਤ ਜ਼ਿਆਦਾ ਖੂਨ ਵਹਿ ਰਿਹਾ ‌ਸੀ । ਉਨ੍ਹਾਂ ਨੇ ਕੋਈ ਦੇਰੀ ਨਾ ਕਰਦੇ ਹੋਏ ਹੋਰ ਮੁਲਾਜ਼ਮਾਂ ਦੀ ਮਦਦ ਨਾਲ ਦੋ ਹੋਰ ਮੁਲਜ਼ਮਾਂ ਨੂੰ ਹ‌ਥਿਆਰ ਸਮੇਤ ਕਾਬੂ ਕਰ ਲਿਆ। ਮੌਕੇ ਤੋਂ ਪੁਲਸ ਵਲੋਂ ਪਿਸਤੌਲ, ਮੈਗਜੀਨ ਆਦਿ ਬਰਾਮਦ ਕੀਤਾ ਗਿਆ ।