ਖ਼ੁਦ ਨੂੰ ਅੱਗ ਲਾ ਕੇ 2 ਬੱਚਿਆਂ ਦੀ ਮਾਂ ਨੇ ਕੀਤੀ ਖ਼ੁਦਕੁਸ਼ੀ

ਜ਼ੀਰਕਪੁਰ, 15 ਮਈ (ਪੰਜਾਬੀ ਸਪੈਕਟ੍ਰਮ ਸਰਵਿਸ) : ਸਥਾਨਕ ਹਰਮਿਲਾਪ ਨਗਰ ਬਲਟਾਣਾ ਖ਼ੇਤਰ ਦੀ ਇਕ ਵਿਆਹੁਤਾ ਨੇ ਘਰ ਦੀ ਪਹਿਲੀ ਮੰਜ਼ਿਲ ‘ਤੇ ਹੀ ਖੁਦ ਨੂੰ ਅੱਗ ਲਗਾ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਵਰਸ਼ਾ ਰਾਣੀ (37) ਪਤਨੀ ਦੀਪਕ ਵਾਸੀ ਮਕਾਨ ਨੰਬਰ 26 ਬੀ ਹਰਮਿਲਾਪ ਨਗਰ ਨੇ ਸ਼ੁੱਕਰਵਰਰ ਅਚਾਨਕ ਘਰ ਦੇ ਇਕ ਕਮਰੇ ਨੂੰ ਅੰਦਰੋਂ ਕੁੰਡੀ ਲਗਾ ਕੇ ਆਪਣੇ ਆਪ ਨੂੰ ਅੱਗ ਲਗਾ ਲਈ। ਇਸ ਸਬੰਧੀ ਸੂਚਨਾ ਮਿਲਦਿਆਂ ਹੀ ਬਲਤਾਣਾ ਚੌਕੀ ਦੀ ਪੁਲਸ ਪਾਰਟੀ ਏਐੱਸਆਈ ਨਾਥੀ ਰਾਮ ਦੀ ਅਗਵਾਈ ਵਿਚ ਮੌਕੇ ‘ਤੇ ਪੁੱਜੀ ਅਤੇ ਮ੍ਰਿਤਕਾ ਦੀ ਲਾਸ਼ ਨੂੰ ਮੋਰਚਰੀ ‘ਚ ਰੱਖ ਦਿੱਤਾ।ਬਲਟਾਣਾ ਚੌਕੀ ਦੇ ਏਐੱਸਆਈ ਨਾਥੀ ਰਾਮ ਨੇ ਦੱਸਿਆ ਕਿ ਮ੍ਰਿਤਕਾ ਦੇ ਭਰਾ ਨੇ ਪੁਲਿਸ ਕੋਲ ਲਿਖਾਏ ਬਿਆਨਾਂ ‘ਚ ਕਿਹਾ ਕਿ ਉਹਨਾਂ ਦੀ ਲੜਕੀ ਦੇ ਵਿਆਹ ਨੂੰ 7 ਸਾਲ ਹੋ ਗਏ ਸਨ ਤੇ ਉਸ ਦੇ 5 ਸਾਲ ਦਾ ਇਕ ਲੜਕਾ ਤੇ ਕਰੀਬ ਢਾਈ ਸਾਲ ਦੀ ਲੜਕੀ ਹੈ ਅਤੇ ਕਦੇ ਵੀ ਉਨ੍ਹਾਂ ਦੀ ਲੜਕੀ ਵੱਲੋਂ ਸਹੁਰਿਆਂ ਨੂੰ ਲੈ ਕੇ ਕੋਈ ਸ਼ਿਕਾਇਤ ਨਹੀਂ ਸੀ ਆਈ। ਮ੍ਰਿਤਕਾ ਦੇ ਪਤੀ ਦੀਪਕ ਜੋ ਕਿ ਪੰਚਕੂਲਾ ਦੇ ਇਕ ਸਕੂਲ ‘ਚ ਡਰਾਈਵਰ ਹੈ ਅਨੁਸਾਰ ਉਸ ਦੀ ਪਤਨੀ ਦਿਮਾਗੀ ਤੌਰ ‘ਤੇ ਬਿਮਾਰ ਚੱਲ ਰਹੀ ਸੀ, ਜਿਸ ਦਾ ਇਲਾਜ਼ ਚੱਲ ਰਿਹਾ ਹੈ। ਉਕਤ ਮਾਮਲੇ ਦੇ ਤਫਤੀਸ਼ੀ ਥਾਣੇਦਾਰ ਰੁਪਿੰਦਰ ਸਿੰਘ ਨੇ ਸੰਪਰਕ ਕਰਨ’ਤੇ ਦੱਸਿਆ ਕਿ ਪੁਲਿਸ ਵੱਲੋਂ ਭਾਵੇ ਫਿਲਹਾਲ 174 ਦੀ ਕਾਰਵਾਈ ਕੀਤੀ ਗਈ ਹੈ ਪਰ ਜੇਕਰ ਪੜਤਾਲ ਦੌਰਾਨ ਕੋਈ ਹੋਰ ਤੱਥ ਸਾਹਮਣੇ ਆਉਂਦੇ ਹਨ ਤਾਂ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ।