ਅਵਾਰਾ ਪਸ਼ੂਆਂ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਐਸ.ਡੀ.ਐਮ ਦਫ਼ਤਰ ‘ਚ ਲਾਹੇ ਡੰਗਰ

– ਜੇਕਰ ਧਿਆਨ ਨਾ ਦਿੱਤਾ ਅਵਾਰਾ ਪਸ਼ੂਆਂ ਨੂੰ ਅਧਿਕਾਰੀਆਂ ਦੀਆਂ ਕੋਠੀਆਂ ‘ਚ ਛੱਡਣ ਦੀ ਚੇਤਾਵਨੀ

– ਅਵਾਰਾ ਪਸ਼ੂਆਂ ਦੀ ਸੰਭਾਲ ਲਈ ਜਿਲਾ ਪ੍ਰਸ਼ਾਸ਼ਨ ਨੂੰ 25 ਕਰੋੜ ਰੁਪਏ ਦੀ ਰਾਸ਼ੀ ਜਾਰੀ ਹੋਣ ਬਾਵਜੂਦ ਵੀ ਅਧਿਕਾਰੀ ਸੁੱਤੇ ਕੁੰਭਕਰਨੀ ਨੀਂਦ

ਗੁਰੂਹਰਸਹਾਏ, (ਪਰਮਪਾਲ ਗੁਲਾਟੀ)- ਇਲਾਕੇ ਅੰਦਰ ਅਵਾਰਾ ਪਸ਼ੂਆਂ ਤੋਂ ਪ੍ਰੇਸ਼ਾਨ ਲੋਕਾਂ ਅਤੇ ਕਿਸਾਨਾਂ ਨੇ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਹਿਯੋਗ ਨਾਲ ਪਿੰਡਾਂ ਅੰਦਰ ਅਵਾਰਾ ਘੁੰਮ ਰਹੀਆਂ ਗਊਆਂ ਨੂੰ ਟਰਾਲੇ ਵਿੱਚ ਭਰ ਐਸ.ਡੀ.ਐਮ ਦਫ਼ਤਰ ਗੁਰੂਹਰਸਹਾਏ ਵਿਖੇ ਤਹਿਸੀਲ ਕੰਪਲੈਕਸ ਵਿੱਚ ਛੱਡ ਦਿੱਤਾ। ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ੋਨ ਪ੍ਰਧਾਨ ਧਰਮ ਸਿੰਘ ਸਿੱਧੂ ਨੇ ਕਿਹਾ ਕਿ ਇੱਕ ਪਾਸੇ ਸਰਕਾਰਾਂ ਆਪਣੇ ਵੱਖ-ਵੱਖ ਵਿਭਾਗਾਂ ਰਾਹੀਂ ਲੋਕਾਂ ਕੋਲੋਂ ਗਊ ਸੈਸੱ ਦੇ ਨਾਮ ‘ਤੇ ਕਰੋੜਾਂ ਰੁਪਏ ਇਕੱਠੇ ਕਰ ਰਹੀ ਹੈ ਉਥੇ ਦੂਜੇ ਪਾਸੇ ਇਹਨਾਂ ਅਵਾਰਾ ਪਸ਼ੂਆਂ ਦੀ ਸੰਭਾਲ ਲਈ ਸਰਕਾਰ ਵਲੋਂ ਕੋਈ ਯੋਗ ਉਪਰਾਲੇ ਨਹੀਂ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਅਵਾਰਾ ਪਸ਼ੂ ਪਿੰਡਾਂ ਅੰਦਰ ਕਿਸਾਨਾਂ ਦੀਆਂ ਫ਼ਸਲਾਂ ਖਰਾਬ ਕਰ ਜਾਂਦੇ ਹਨ, ਜਿਸ ਨਾਲ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਸਹਿਣਾ ਪੈਂਦਾ ਹੈ ਪਰੰਤੂ ਹੁਣ ਲੋਕ ਅਤੇ ਕਿਸਾਨ ਚੁੱਪੀ ਵੱਟ ਕੇ ਨਹੀਂ ਬੈਠਣਗੇ।
ਪ੍ਰਧਾਨ ਧਰਮ ਸਿੰਘ ਨੇ ਕਿਹਾ ਕਿ ਜਥੇਬੰਦੀ ਅਤੇ ਕਿਸਾਨਾਂ ਵਲੋਂ ਅੱਜ ਅਵਾਰਾ ਪਸ਼ੂਆਂ ਨੂੰ ਟਰਾਲੀ ਵਿੱਚ ਭਰ ਕੇ ਅੱਜ ਐਸ.ਡੀ.ਐਮ ਦਫ਼ਤਰ ਗੁਰੂਹਰਸਹਾਏ ਵਿੱਚ ਛੱਡਿਆ ਗਿਆ ਹੈ ਜੋ ਕਿ ਅੱਗੇ ਵੀ ਜਾਰੀ ਰਹੇਗਾ। ਉਹਨਾਂ ਕਿਹਾ ਕਿ ਗਊਆਂ ਦੀ ਸੰਭਾਲ ਲਈ ਜਿਲਾ ਪ੍ਰਸ਼ਾਸਨ ਨੂੰ 25 ਕਰੋੜ ਰੁਪਏ ਦੀ ਰਾਸ਼ੀ ਵੀ ਜਾਰੀ ਹੋ ਚੁੱਕੀ ਹੈ ਜਦਕਿ ਰਾਸ਼ੀ ਜਾਰੀ ਹੋਣ ਉਪਰੰਤ 2 ਸਾਲ ਬੀਤ ਜਾਣ ਦੇ ਬਾਵਜੂਦ ਵੀ ਪ੍ਰਸ਼ਾਸ਼ਨ ਕੋਈ ਠੋਸ ਕਦਮ ਨਹੀਂ ਚੁੱਕ ਰਿਹਾ ਹੈ ਅਤੇ ਵਿਭਾਗੀ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਪਏ ਹਨ। ਉਨਾਂ ਕਿਹਾ ਕਿ ਇਸ ਸਬੰਧੀ ਉਹ ਕਈ ਵਾਰ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਕਹਿ ਚੁੱਕੇ ਹਨ ਪਰੰਤੂ ਜੇਕਰ ਹੁਣ ਵੀ ਅਧਿਕਾਰੀਆਂ ਦੇ ਕੰਨਾਂ ‘ਤੇ ਜੂੰ ਨਾ ਸਿਰਕੀ ਤਾਂ ਜਥੇਬੰਦੀ ਇਹਨਾਂ ਅਵਾਰਾ ਪਸ਼ੂਆਂ ਨੂੰ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀਆਂ ਕੋਠੀਆਂ ਵਿੱਚ ਛੱਡ ਕੇ ਆਉਣਗੇ।
ਇਸ ਮੌਕੇ ਮੰਗਲ ਸਿੰਘ ਗੁੱਦੜਢੰਡੀ ਸੀਨੀਅਰ ਮੀਤ ਪ੍ਰਧਾਨ, ਗੁਰਮੇਲ ਸਿੰਘ ਚੱਪਾਅੜਿੱਕੀ, ਮੇਜਰ ਸਿੰਘ ਗਜ਼ਨੀਵਾਲਾ, ਪ੍ਰੀਤਮ ਸਿੰਘ ਕੰਧੇਸ਼ਾਹ, ਬਲਦੇਵ ਸਿੰਘ ਅਹਿਮਦ ਢੰਡੀ, ਜਗਦੀਸ਼ ਸਿੰਘ ਸੋਢੀ, ਸੁਰਿੰਦਰ ਸਿੰਘ ਜਲਾਲਾਬਾਦ, ਗੁਰਬਖ਼ਸ਼ ਸਿੰਘ ਜੋਨ ਪ੍ਰਧਾਨ ਗੁਰੂਹਰਸਹਾਏ-2, ਕਿ੍ਰਸ਼ਨ ਸ਼ਰਮਾ ਗੁਰੂਹਰਸਹਾਏ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਜਥੇਬੰਦੀ ਆਗੂ ਹਾਜਰ ਸਨ।