ਕਰੋੜਾਂ ਰੁਪਏ ਦੀ ਹੈਰੋਇਨ ਅਤੇ ਲੱਖਾਂ ਰੁਪਏ ਦੀ ਡਰੱਗ ਮਨੀ ਸਣੇ ਤਸਕਰ ਕਾਬੂ

ਫ਼ਾਜ਼ਿਲਕਾ, (ਪੰਜਾਬੀ ਸਪੈਕਟ੍ਰਮ ਸਰਵਿਸ)- ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ‘ਤੇ ਬੀ. ਐੱਸ. ਐੱਫ. ਦੀ ਚੌਕੀ ਸ਼ਾਮੇ ਕੇ ਤੋਂ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਥਾਣਾ ਫ਼ਾਜ਼ਿਲਕਾ ਪੁਲਿਸ ਵਲੋਂ ਕਰੋੜਾਂ ਰੁਪਏ ਦੀ ਹੈਰੋਇਨ ਅਤੇ ਲੱਖਾਂ ਰੁਪਏ ਦੀ ਡਰੱਗ ਮਨੀ ਸਣੇ ਇੱਕ ਤਸਕਰ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣੇ ਦੇ ਇੰਚਾਰਜ ਐੱਸ. ਆਈ. ਹਰਮੀਤ ਸਿੰਘ ਨੇ ਦੱਸਿਆ ਕਿ ਮੰਗਲ ਸਿੰਘ ਉਰਫ਼ ਮੰਗਲੀ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਛਾਂਗਾਰਾਏ ਹਿਠਾੜ (ਛਿੰਬੇਵਾਲਾ) ਥਾਣਾ ਗੁਰੂਹਰਸਹਾਏ ਜ਼ਿਲ੍ਹਾ ਫ਼ਿਰੋਜ਼ਪੁਰ, ਜਿਸ ਨੇ ਪਾਕਿਸਤਾਨ ‘ਚ ਬੈਠੇ ਤਸਕਰਾਂ ਤੋਂ ਵਟਸਐਪ ਦੇ ਜ਼ਰੀਏ ਆਰਡਰ ਦੇ ਕੇ ਹੈਰੋਇਨ ਮੰਗਵਾਈ ਸੀ ਅਤੇ ਇਸ ਹੈਰੋਇਨ ਨੂੰ ਕੰਡਿਆਲੀ ਤਾਰ ਕੋਲ ਮਜ਼ਦੂਰ ਬਣ ਕੇ ਕੱਢਣ ਦੀ ਫ਼ਿਰਾਕ ਵਿਚ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਉਕਤ ਨਸ਼ਾ ਤਸਕਰ ਨੂੰ ਗਿ੍ਰਫ਼ਤਾਰ ਕਰਕੇ ਇਸ ਦੀ ਨਿਸ਼ਾਨਦੇਹੀ ‘ਤੇ 880 ਗ੍ਰਾਮ ਹੈਰੋਇਨ ਸਣੇ 6 ਲੱਖ 75 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਉਕਤ ਤਸਕਰ ਦੇ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫੜੀ ਗਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ‘ਚ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ।