ਤਾਜ ਗੇਸਟ ਹਾੳੂਸ ਦੀ ਪਹਿਲੀ ਮੰਜ਼ਿਲ ’ਚ ਲੱਗੀ ਅੱਗ, ਲੱਖਾਂ ਰੁਪਏ ਦੇ ਨੁਕਸਾਨ ਦਾ ਖਦਸ਼ਾ,  ਫਾਇਰਬਿਗ੍ਰੇਡ ਨੇ ਅੱਗ ਤੇ ਪਾਇਆ ਕਾਬੂ, ਠੇਕੇਦਾਰ ਨੇ ਸ਼ੀਸ਼ਾ ਤੋੜ ਤੇ ਬਚਾਈ ਜਾਨ

ਜਲਾਲਾਬਾਦ, (ਬਿਮਲ ਭਠੇਜਾ) ਸ਼ਹਿਰ ਦੀ ਅਨਾਜ ਮੰਡੀ ਸਥਿੱਤ ਤਾਜ ਗੇਸਟ ਹਾੳੂਸ ਦੀ ਪਹਿਲੀ ਮੰਜਿਲ ’ਚ ਬਾਅਦ ਦੁਪਿਹਰ ਅਚਾਨਕ ਅੱਗ ਲੱਗ ਗਈ। ਇਸ ਘਟਨਾ ’ਚ ਜਿੱਥੇ ਅੰਦਰ ਪਿਆ ਕਾਫੀ ਸਮਾਨ ਸੜ ਕੇ ਸੁਆਹ ਹੋ ਗਿਆ ਉਥੇ ਹੀ ਗੇਸਟ ਹਾੳੂਸ ਦੇ ਠੇਕੇਦਾਰ ਨੇ ਅੱਗ ਲੱਗਣ ਤੋਂ ਬਾਅਦ ਸ਼ੀਸ਼ਾ ਤੋੜ ਕੇ ਬਾਹਰ ਨਿਕਲਿਆਂ ਤੇ  ਮੁਸ਼ਕਿਲ ਨਾਲ ਆਪਣੀ ਜਾਨ ਬਚਾਈ। ਇਸ ਘਟਨਾ ’ਚ ਠੇਕੇਦਾਰ ਜਖਮੀ ਹੋ ਗਿਆ ਜਿਸਨੂੰ ਇਲਾਜ ਲਈ ਹਸਪਤਾਲ ’ਚ ਲੈ ਜਾਇਆ ਗਿਆ ਹੈ। ਉਧਰ ਘਟਨਾ ਤੋਂ ਬਾਅਦ ਫਾਇਰਬਿਗ੍ਰੇਡ ਮੌਕੇ ਤੇ ਪਹੁੰਚੀ ਤੇ ਅੱਗ ਨੂੰ ਬੁਝਾਉਣ ਦਾ ਕੰਮ ਕੀਤਾ ਗਿਆ।  ਜਾਨਕਾਰੀ ਅਨੁਸਾਰ ਬਾਅਦ ਤਾਜ ਗੇਸਟ ਹਾੳੂਸ ਦੇ ਮਾਲਿਕ ਵਰਿੰਦਰਮੋਹਨ ਨਾਗਪਾਲ ਵਲੋਂ ਇਹ ਹੋਟਲ ਠੇਕੇ ਤੇ ਦਿੱਤਾ ਹੋਇਆ ਸੀ ਅਤੇ ਬਾਅਦ ਦੁਪਿਹਰ ਕਰੀਬ 3.30 ਵਜੇ ਸਥਾਨਕ ਤਾਜ ਗੇਸਟ ਹਾੳੂਸ ਦੀ ਪਹਿਲੀ ਮੰਜਿਲ ’ਚ ਅਚਾਨਕ ਅੱਗ ਦੀਆਂ ਲੱਪਟਾਂ ਉੱਠਣ ਲੱਗੀਆਂ ਅਤੇ ਗੇਸਟ ਹਾੳੂਸ ਦਾ ਠੇਕੇਦਾਰ ਸੁਧੀਰ ਨਾਗਪਾਲ ਸ਼ੀਸ਼ਾ ਤੋੜ ਕੇ ਅੰਦਰੋ ਬਾਹਰ ਨਿਕਲਿਆ ਅਤੇ ਜਖਮੀ ਹੋ ਗਿਆ। ਉਧਰ ਜਲਦੀ ਹੀ ਮੰਡੀ ’ਚ ਆੜ੍ਹਤੀਆ ਯੂਨੀਅਨ ਆਗੂ ਜਰਨੈਲ ਸਿੰਘ ਨੇ ਫਾਇਰ ਬਿਗ੍ਰੇਡ ਤੇ ਪੁਲਸ ਨੂੰ ਘਟਨਾ ਬਾਰੇ ਸੂਚਿਤ ਕੀਤਾ। ਜਿਸ ਤੋਂ ਕੁੱਝ ਹੀ ਸਮੇਂ ਬਾਅਦ ਫਾਇਰ ਬਿ੍ਰਗੇਡ ਦੀ ਗੱਡੀ ਮੌਕੇ ਤੇ ਪਹੁੰਚ ਗਈ ਅਤੇ ਨਾਲ ਹੀ ਥਾਣਾ ਸਿਟੀ ਮੁਖੀ ਅਮਰਿੰਦਰ ਸਿੰਘ ਵੀ ਮੌਕੇ ਤੇ ਪਹੁੰਚ ਗਏ । ਇਸ ਤੋਂ ਬਾਅਦ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਉਧਰ ਇਸ ਘਟਨਾ ’ਚ ਲੱਖਾਂ ਰੁਪਏ ਦੇ ਸਮਾਨ ਦੇ ਸੜ੍ਹ ਕੇ ਸੁਆਹ ਹੋਣ ਦਾ ਖਦਸ਼ਾ ਹੈ ਜਦਕਿ ਅੱਗ ਲੱਗਣ ਦੇ ਕਾਰਣਾਂ ਦਾ ਪਤਾ ਨਹੀਂ ਚੱਲ ਸਕਿਆ ਹੈ।