ਨਹਿਰੀ ਪਾਣੀ ਦੀ ਚੋਰੀ ਨੂੰ ਰੋਕਣ ਗਏ ਵਿਭਾਗ ਦੇ ਅਧਿਕਾਰੀਆਂ ‘ਤੇ ਕੀਤਾ ਗਿਆ ਹਮਲਾ

ਕੈਪਸ਼ਨ-ਨਹਿਰੀ ਪਾਣੀ ਦੀ ਚੋਰੀ ਲਈ ਪਾਈਆਂ ਗਈਆਂ ਪਾਈਪਾਂ।
ਗੁਰੂਹਰਸਹਾਏ, (ਪੰਜਾਬੀ ਸਪੈਕਟ੍ਰਮ ਸਰਵਿਸ)- ਨਹਿਰੀ ਪਾਣੀ ਦੀ ਹੋ ਰਹੀ ਚੋਰੀ ਨੂੰ ਰੋਕਣ ਲਈ ਵਿਭਾਗ ਦੇ ਜੇ. ਈ. ਅਤੇ ਬੇਲਦਾਰ ‘ਤੇ ਕਿਸਾਨਾਂ ਵਲੋਂ ਗਲ਼ ਪੈ ਕੇ ਉਨ੍ਹਾਂ ਦੀ ਮਾਰ ਕੁੱਟ ਕੀਤੀ ਗਈ। ਨਹਿਰੀ ਵਿਭਾਗ ਦੇ ਜੇ. ਈ. ਰਮਨਦੀਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਆਪਣੇ ਸਾਥੀਆਂ ਨਾਲ ਮੇਨ ਬਰਾਂਚ ਨਹਿਰ ‘ਤੇ ਪਾਣੀ ਚੋਰੀ ਹੋਣ ਦੀਆਂ ਮਿਲ ਰਹੀਆਂ ਸ਼ਿਕਾਇਤਾਂ ਮੁਤਾਬਕ ਗੇੜਾ ਮਾਰਨ ਗਏ ਤਾਂ ਪਿੰਡ ਮੋਲਵੀ ਵਾਲਾ (ਚੱਕ ਟਾਹਲੀ ਵਾਲਾ) ਦੇ ਕਿਸਾਨ ਪਾਈਪਾਂ ਲਾ ਕੇ ਪਾਣੀ ਦੀ ਚੋਰੀ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕਿਸਾਨਾਂ ਦੀਆਂ ਪਾਈਪਾਂ ਕਬਜ਼ੇ ‘ਚ ਲੈ ਲਈਆਂ। ਇਸ ਤੋਂ ਬਾਅਦ ਰਾਤ ਦੇ ਹਨੇਰੇ ‘ਚ ਕਈ ਕਿਸਾਨਾਂ ਨੇ ਉਨ੍ਹਾਂ ਨੂੰ ਘੇਰ ਕੇ ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਬੰਦਕ ਬਣਾ ਕੇ ਪਾਈਪਾਂ ਵੀ ਖੋਹ ਲਈਆਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸਾਥੀ ਦੇ ਭੱਜ ਨਿਕਲਣ ‘ਤੇ ਦੂਜੇ ਪਿੰਡ ਦੇ ਕਿਸਾਨਾਂ ਨੇ ਉਨ੍ਹਾਂ ਨੂੰ ਛੁਡਾਇਆ। ਜੇ. ਈ. ਰਮਨਦੀਪ ਸਿੰਘ ਮੁਤਾਬਕ ਇਸ ਹਮਲੇ ‘ਚ ਪਿੰਡ ਦਾ ਮੌਜੂਦਾ ਸਰਪੰਚ ਵੀ ਸੀ ਅਤੇ ਉਸ ਨੇ ਕਈ ਹਵਾਈ ਫਾਇਰ ਵੀ ਕੀਤੀ। ਉਨ੍ਹਾਂ ਨੇ ਇਸ ਮਾਮਲੇ ਸੰਬੰਧੀ ਪੁਲਿਸ ਥਾਣਾ ਲੱਖੋਕੇ ਬਹਿਰਾਮ ਵਿਖੇ ਦਰਖ਼ਾਸਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਪੁਲਿਸ ਨੇ ਇਸ ਸੰਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।