ਨਹਿਰ ਵਿਚੋਂ ਮਿਲੀ ਕਿਸੇ ਅਣਪਛਾਤੇ ਦੀ ਲਾਸ਼

ਗੁਰੂ ਹਰਸਹਾਏ (ਗੁਰਮੇਲ ਸਿੰਘ ਵਾਰਵਲ, ਮਨੀਸ਼ ਭਠੇਜਾ) – ਸ਼ਹਿਰ ਦੇ ਨਾਲ ਲੱਗਦੇ ਪਿੰਡ ਚੱਕ ਮਹੰਤਾਂ ਵਾਲਾ ਵਿਖੇ ਕੋਲ ਬਣੀ ਨਹਿਰ ਵਿਚ ਬੀਤੀ ਦੇਰ ਰਾਤ ਇਕ ਅਣਪਛਾਤੇ ਵਿਅਕਤੀ ਦੀ ਗਲੀ ਸੜੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਦਾ ਪਤਾ ਚੱਲਦਿਆਂ ਹੀ ਥਾਣਾ ਗੁਰੂਹਰਸਹਾਏ ਦੀ ਪੁਲਸ ਵੱਲੋਂ ਮੌਕੇ ‘ਤੇ ਪਹੁੰਚ ਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਬ-ਇੰਸਪੈਕਟਰ ਬਲਰਾਜ ਸਿੰਘ ਨੇ ਦੱਸਿਆ ਕਿ ਥਾਣਾ ਗੁਰੂ ਹਰਸਹਾਏ ਦੇ ਨਾਲ ਲੱਗਦੇ ਪਿੰਡ ਚੱਕ ਮਹੰਤਾਂ ਵਾਲਾ ਤੋਂ ਕਿਸੇ ਵਿਅਕਤੀ ਦਾ ਬੀਤੀ ਦੇਰ ਸ਼ਾਮ ਨੂੰ ਫੋਨ ਆਇਆ ਕਿ ਉੱਥੇ ਬਣੀ ਨਹਿਰ ਵਿਚ ਇਕ ਵਿਅਕਤੀ ਦੀ ਲਾਸ਼ ਤੈਰਦੀ ਹੋਈ ਦਿਖਾਈ ਦਿੱਤੀ ਹੈ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਤੁਰੰਤ ਸ਼ਹਿਰ ਦੇ ਡੀ. ਐੱਸ. ਪੀ. ਭੁਪਿੰਦਰ ਸਿੰਘ, ਥਾਣਾ ਲੱਖੋ ਕੇ ਬਹਿਰਾਮ ਦੇ ਥਾਣਾ ਮੁਖੀ ਗੁਰਤੇਜ ਸਿੰਘ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ । ਸਬ ਇੰਸਪੈਕਟਰ ਬਲਰਾਜ ਸਿੰਘ ਨੇ ਦੱਸਿਆ ਕਿ ਨਹਿਰ ਵਿਚੋ ਜੋ ਲਾਸ਼ ਮਿਲੀ ਹੈ ਉਹ ਕਿਸੇ ਨੌਜਵਾਨ ਦੀ ਲੱਗਦੀ ਹੈ ਅਤੇ ਉਸ ਦੀ ਉਮਰ ਕਰੀਬ 22 ਸਾਲ ਦੇ ਕਰੀਬ ਲੱਗਦੀ ਹੈ। ਲਾਸ਼ ਪੂਰੀ ਤਰ੍ਹਾਂ ਗਲੀ ਹੋਈ ਹੈ, ਜਿਸ ਕਾਰਨ ਉਸਦੀ ਪਹਿਚਾਣ ਨਹੀਂ ਹੋ ਸਕੀ ਅਤੇ ਉਨ੍ਹਾਂ ਕਿਹਾ ਕਿ ਲਾਸ਼ ਨੂੰ 72 ਘੰਟਿਆਂ ਲਈ ਫਿਰੋਜ਼ਪੁਰ ਸ਼ਹਿਰ ਦੀ ਮੋਰਚੀ ਵਿਚ ਰੱਖ ਦਿੱਤਾ ਗਿਆ ਹੈ ਤਾਂ ਜੋ ਉਸਦੀ ਪਹਿਚਾਣ ਹੋ ਸਕੇ।